ਅੰਮ੍ਰਿਤਸਰ: ਜੀਐਸਟੀ ਰਿਟਰਨਾਂ ਤੋਂ ਤੰਗ ਆਏ ਇੱਕ ਵਿਅਕਤੀ ਨੇ ਸਥਾਨਕ ਹੋਟਲ ਵਿੱਚ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਵਿਅਕਤੀ ਦੀ ਪਛਾਣ ਸਤਿੰਦਰ ਕੁਮਾਰ (45) ਵਜੋਂ ਹੋਈ ਹੈ ਜੋ ਗੁਰਦਾਸਪੁਰ ਦਾ ਰਹਿਣ ਵਾਲਾ ਸੀ। ਪੁਲਿਸ ਨੂੰ ਲਾਸ਼ ਕੋਲੋਂ ਇੱਕ ਖ਼ੁਦਕੁਸ਼ੀ ਨੋਟ ਵੀ ਬਰਾਮਦ ਹੋਇਆ ਹੈ ਜਿਸ ਵਿੱਚ ਉਸ ਨੇ ਆਪਣੀ ਜੀਵਨਲੀਲਾ ਖ਼ਤਮ ਕਰਨ ਪਿੱਛੇ GST ਰਿਟਰਨਾਂ ਤੇ ਲੇਟ ਫੀਸ ਨੂੰ ਕਾਰਨ ਦੱਸਿਆ ਹੈ। ਪੁਲਿਸ ਨੇ ਮ੍ਰਿਤਕ ਦੇ ਭਰਾ ਦੇ ਬਿਆਨਾਂ ਤੇ ਮਾਮਲਾ ਦਰਜ ਕਰਕੇ ਜਾਂਚ ਸ਼ਰੂ ਕਰ ਦਿੱਤੀ ਹੈ। ਮ੍ਰਿਤਕ ਪੇਸ਼ੇ ਵਜੋਂ ਅਕਾਊਂਟੈਂਟ ਸੀ।

ਸਤਿੰਦਰ ਕੁਮਾਰ ਅਜੇ ਕੁਆਰਾ ਸੀ। ਉਸ ਦਾ ਵਿਆਹ ਹੋਣ ਵਾਲਾ ਸੀ। ਆਪਣੇ ਖ਼ੁਦਕੁਸ਼ੀ ਨੋਟ ਵਿੱਚ ਸਤਿੰਦਰ ਕੁਮਾਰ ਨੇ ਲਿਖਿਆ ਕਿ ਉਹ ਅੱਗੇ ਜ਼ਿੰਦਗੀ ਨਹੀਂ ਜੀਅ ਸਕਦਾ। ਇਸ ਦਾ ਮੁੱਖ ਕਾਰਨ ਜੀਐਸਟੀ ਰਿਟਰਨ ਤੇ ਲੇਟ ਫੀਸ ਹੈ, ਜੋ ਇੰਨੀ ਜ਼ਿਆਦਾ ਪੈ ਰਹੀ ਹੈ ਕਿ ਉਹ ਝੱਲ ਨਹੀਂ ਪਾ ਰਿਹਾ। ਉਸ ਨੇ ਲਿਖਿਆ ਕਿ ਲਗਪਗ ਦੋ ਮਹੀਨਿਆਂ ਤੋਂ ਉਹ ਏਦਾਂ ਹੀ ਜੀਅ ਰਿਹਾ ਹੈ ਜਿਵੇਂ ਕਿ ਸਿਰਫ ਦਿਨ ਹੀ ਕੱਟ ਰਿਹਾ ਹੈ। ਖ਼ੁਦਕੁਸ਼ੀ ਨੋਟ ਮੁਤਾਬਕ ਉਹ ਹਰ ਰੋਜ਼ ਮਰ ਰਿਹਾ ਸੀ।



ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਸਤਿੰਦਰ ਨੇ ਆਪਣੀ ਮੰਗੇਤਰ, ਭਰਾ ਤੇ ਹੋਰ ਜਾਣਕਾਰਾਂ ਨੂੰ ਵ੍ਹੱਟਸਐਪ 'ਤੇ ਇਸ ਬਾਰੇ ਦੱਸ ਦਿੱਤਾ। ਜਾਣਕਾਰੀ ਮਿਲਦਿਆਂ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲਿਆ ਤੇ ਪੋਸਟ ਮਾਰਟਮ ਲਈ ਭੇਜ ਦਿੱਤਾ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।