ਚੰਡੀਗੜ੍ਹ: ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਮੰਗਲਵਾਰ ਨੂੰ ਸੱਟ ਲੱਗਣ ਕਾਰਨ ਦੱਖਣੀ ਅਫਰੀਕਾ ਖ਼ਿਲਾਫ਼ ਤਿੰਨ ਟੈਸਟ ਮੈਚਾਂ ਦੀ ਸੀਰੀਜ਼ ਤੋਂ ਬਾਹਰ ਹੋ ਗਿਆ। ਉਸ ਦੀ ਥਾਂ ਉਮੇਸ਼ ਯਾਦਵ ਨੂੰ 15 ਮੈਂਬਰੀ ਟੀਮ ਵਿੱਚ ਸ਼ਾਮਲ ਕੀਤਾ ਗਿਆ। 25 ਸਾਲਾ ਬੁਮਰਾਹ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਪਿੱਠ ਦੇ ਹੇਠਲੇ ਹਿੱਸੇ ਦੀ ਸੱਟ ਤੋਂ ਠੀਕ ਹੋ ਕੇ ਮਜ਼ਬੂਤੀ ਨਾਲ ਵਾਪਸੀ ਕਰੇਗਾ।




ਬੁਮਰਾਹ ਦੀ ਸੱਟ ਦਾ ਪਤਾ ਰੂਟੀਨ ਰੇਡੀਓਲੌਜੀਕਲ ਸਕ੍ਰੀਨਿੰਗ ਦੌਰਾਨ ਹੋਇਆ। ਭਾਰਤੀ ਟੀਮ 2 ਅਕਤੂਬਰ ਤੋਂ ਵਿਸ਼ਾਖਾਪਟਨਮ ਵਿੱਚ ਦੱਖਣੀ ਅਫਰੀਕਾ ਦੇ ਖਿਲਾਫ ਪਹਿਲਾ ਟੈਸਟ ਮੈਚ ਖੇਡੇਗੀ।


ਬੁਮਰਾਹ ਨੇ ਟਵੀਟ ਕੀਤਾ, 'ਸੱਟਾਂ ਖੇਡਾਂ ਦਾ ਹਿੱਸਾ ਹਨ। ਠੀਕ ਹੋਣ ਲਈ ਤੁਹਾਡੇ ਸਾਰਿਆਂ ਦੀਆਂ ਸ਼ੁਭਕਾਮਨਾਵਾਂ ਦਾ ਧੰਨਵਾਦ। ਮੇਰਾ ਸਿਰ ਉੱਚਾ ਹੈ ਤੇ ਮੈਂ ਵਾਪਸੀ 'ਤੇ ਧਿਆਨ ਦੇ ਰਿਹਾ ਹਾਂ। ਅਜਿਹੀ ਵਾਪਸੀ ਜੋ ਇਸ ਝਟਕੇ ਨਾਲੋਂ ਮਜ਼ਬੂਤ ਹੋਏ।' ਬੁਮਰਾਹ ਨੇ ਵੈਸਟਇੰਡੀਜ਼ ਖ਼ਿਲਾਫ਼ ਦੋ ਟੈਸਟ ਮੈਚਾਂ ਦੀ ਲੜੀ ਵਿੱਚ 13 ਵਿਕਟਾਂ ਲਈਆਂ ਸੀ।


ਬੁਮਰਾਹ ਅਗਲੇ ਮਹੀਨੇ ਬੰਗਲਾਦੇਸ਼ ਖ਼ਿਲਾਫ਼ ਟੀ-20 ਤੇ ਟੈਸਟ ਮੈਚਾਂ ਦੀ ਸੀਰੀਜ਼ ਤੋਂ ਵੀ ਬਾਹਰ ਹੋ ਸਕਦਾ ਹੈ। ਹਾਲ ਹੀ ਵਿਚ ਉਸ ਨੂੰ ਦੱਖਣੀ ਅਫਰੀਕਾ ਵਿਰੁੱਧ ਤਿੰਨ ਟੀ-20 ਮੈਚਾਂ ਦੀ ਲੜੀ ਵਿੱਚ ਆਰਾਮ ਦਿੱਤਾ ਗਿਆ ਸੀ। ਇਸ ਵਿੱਚ ਦੋਵਾਂ ਟੀਮਾਂ ਨੇ ਇੱਕ-ਇੱਕ ਮੈਚ ਜਿੱਤਿਆ। ਇਕ ਮੈਚ ਮੀਂਹ ਕਾਰਨ ਰੱਦ ਕਰ ਦਿੱਤਾ ਗਿਆ ਸੀ।