ਪਟਿਆਲਾ: ਅੱਜ ਪਟਿਆਲਾ ਦੇ ਸ਼ਹਿਰ ਰਾਜਪੁਰਾ 'ਚ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਖਿਲਾਫ ਰੋਸ ਮੁਜ਼ਾਹਰਾ ਕੀਤਾ ਗਿਆ। ਕਿਸਾਨਾਂ ਨੇ ਕਿਹਾ ਕਿ ਪੰਜਾਬ 'ਚ ਕਣਕ ਦੀ ਫਸਲ ਦੀ ਸਰਕਾਰੀ ਖਰੀਦ ਦੇਰੀ ਨਾਲ ਕਰਕੇ ਕਿਸਾਨਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਅਨਾਜ ਮੰਡੀ 'ਚ ਫਸਲ ਲੈ ਕੇ ਆਉਣ ਲਈ ਪਾਸ ਸਿਸਟਮ ਸ਼ੁਰੂ ਕੀਤਾ ਗਿਆ ਹੈ। ਇਸ ਨਾਲ ਕਿਸਾਨਾਂ ਦੀ ਫਸਲ ਦਾ ਕਾਫੀ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਫਸਲ ਤਾਂ ਮੰਡੀਆਂ 'ਚ ਪਹੁੰਚਣੀ ਸ਼ੁਰੂ ਹੋ ਗਈ ਹੈ, ਪਰ ਖਰੀਦ ਸ਼ੂਰੂ ਨਹੀਂ ਕੀਤੀ ਜਾ ਰਹੀ।


 


ਉਨ੍ਹਾਂ ਕਿਹਾ ਕਿ ਪਿਛਲੇ ਸਾਲ ਕਿਸਾਨ ਮੰਡੀਆਂ 'ਚ ਰੁਲਦੇ ਰਹੇ ਹਨ ਤੇ ਮਜਬੂਰਨ ਆਪਣੀ ਫਸਲ ਹਰਿਆਣਾ 'ਚ ਵੇਚ ਕੇ ਆਏ। ਕਿਸਾਨਾਂ ਨੇ ਕਿਹਾ ਕਿ ਐਫਸੀਆਈ ਨੇ ਨਮੀ ਦਰ 14 ਤੋਂ ਘਟਾ 12 ਕਰ ਦਿੱਤੀ ਹੈ ਜਿਸ ਕਰਕੇ ਅਪ੍ਰੈਲ ਦੀ ਮਹੀਨੇ ਇੰਨੀ ਨਮੀ ਆ ਹੀ ਨਹੀਂ ਸਕਦੀ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਡਾ. ਹਰਸ਼ਵਰਧਨ ਸਿੰਘ ਨੇ ਕਿਹਾ ਕਿ ਕੋਰੋਨਾਵਾਇਰਸ ਦਿੱਲੀ 'ਚ ਬੈਠੇ ਕਿਸਾਨਾਂ ਨੇ ਫੈਲਾਇਆ ਹੈ ਜਿਸ ਦੀ ਅਸੀਂ ਨਿਖੇਦੀ ਕਰਦੇ ਹਾਂ।


 


ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਕਿਸਾਨਾਂ ਦਾ ਇਮਤਿਹਾਨ ਨਾ ਲਿਆ ਜਾਵੇ, ਨਹੀਂ ਤਾਂ ਉਹ ਸੰਘਰਸ਼ ਹੋਰ ਤਿੱਖਾ ਕਰਨ ਨੂੰ ਤਿਆਰ ਹੋ ਜਾਣਗੇ ਤੇ ਸੜਕਾਂ ਤੇ ਮੰਡੀਆਂ ਨੂੰ ਜਾਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੰਡੀਆਂ 'ਚ ਤਾਂ ਬਾਰਦਾਨਾ ਨਹੀਂ ਤੇ ਕਿਸਾਨਾਂ ਦੀ ਫਸਲ ਕਿੱਥੇ ਸਾਂਭਣਗੇ। ਉਨ੍ਹਾਂ ਕਿਹਾ ਕਿ ਦਿੱਲੀ ਵਿਖੇ ਕਿਸਾਨਾਂ ਦਾ ਮੋਰਚਾ ਫੇਲ੍ਹ ਕਰਨ ਲਈ ਕੇਂਦਰ ਤੇ ਪੰਜਾਬ ਸਰਕਾਰ ਕਿਸਾਨਾਂ ਨੂੰ ਮੰਡੀਆਂ 'ਚ ਰੋਲਣ ਦੀਆਂ ਤਿਆਰੀਆਂ ਕਰ ਰਹੀ ਹੈ।


 


ਕਿਸਾਨਾਂ ਮੰਗ ਕੀਤੀ ਕਿ ਆੜ੍ਹਤੀਆਂ ਦੇ ਰਾਹੀਂ ਕਿਸਾਨਾਂ ਦੀ ਫਸਲ ਦੀ ਅਦਾਇਗੀ ਕੀਤੀ ਜਾਣੀ ਚਾਹੀਦੀ ਹੈ। ਆੜ੍ਹਤੀਆਂ ਨੇ ਕਿਹਾ ਕਿ ਕਿਸਾਨ ਰੋਜ਼ਾਨਾ ਫੋਨ ਕਰਕੇ ਮੰਗ ਕਰਦੇ ਹਨ ਕਿ ਉਨ੍ਹਾਂ ਦੀ ਫਸਲ ਮੰਡੀ ਮੰਗਵਾਈ ਜਾਵੇ, ਨਹੀਂ ਤਾਂ ਘਰਾਂ 'ਚ ਪਈ ਫਸਲ ਖਰਾਬ ਹੋ ਜਾਵੇਗੀ।