ਸਮਰਾਲਾ: ਇਕ ਪਾਸੇ ਅੱਜ ਕਿਸਾਨਾਂ ਵੱਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਹੋਇਆ ਹੈ, ਉੱਥੇ ਹੀ ਕੇਂਦਰ ਸਰਕਾਰ ਵਲੋਂ ਬਣਾਏ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਇੱਕ ਕਿਸਾਨ ਨੇ ਖ਼ੁਦਕੁਸ਼ੀ ਕਰ ਲਈ। ਸਮਾਰਲਾ ਘੁਲਾਲ ਟੋਲ ਪਲਾਜ਼ੇ 'ਤੇ ਇਕ ਸਾਲ ਤੋਂ ਡਟੇ 65 ਸਾਲਾ ਕਿਸਾਨ ਨੇ ਆਪਣੀ ਹੀ ਪੱਗ ਨਾਲ ਗੱਲ 'ਚ ਫਾਹਾ ਲਾ ਆਤਮ ਹੱਤਿਆ ਕਰ ਲਈ। ਮ੍ਰਿਤਕ ਦੀ ਪਤਨੀ ਪਿਛਲੇ 10 ਮਹੀਨਿਆਂ ਤੋਂ ਟਿੱਕਰੀ ਬਾਰਡਰ 'ਤੇ ਕਿਸਾਨ ਸੰਘਰਸ਼ 'ਚ ਲੰਗਰ ਦੀ ਸੇਵਾ ਨਿਭਾ ਰਹੀ ਹੈ।
ਕਿਸਾਨ ਵਲੋਂ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਖਿਲਾਫ ਕਿਸਾਨੀ ਸੰਘਰਸ਼ ਨੂੰ ਅਣਗੌਲਿਆ ਕਰਨ ਦੇ ਰੋਸ ਵਜੋਂ ਭਾਵਕ ਹੋ ਕਿ ਸਥਾਨਕ ਘੁਲਾਲ ਟੋਲ ਪਲਾਜ਼ਾ 'ਤੇ ਬੀਤੀ ਰਾਤ ਖ਼ੁਦਕੁਸ਼ੀ ਕਰ ਲਈ ਗਈ। ਇਥੋਂ ਨਜ਼ਦੀਕ ਪਿੰਡ ਰੋਹਲੇ ਦੇ 65 ਸਾਲਾ ਕਿਸਾਨ ਤਾਰਾ ਸਿੰਘ ਜੋ ਕਰੀਬ ਪਿਛਲੇ ਇਕ ਸਾਲ ਤੋਂ ਕਿਸਾਨ ਸੰਘਰਸ਼ ਆਰੰਭ ਹੋਣ ਦੇ ਦਿਨਾਂ ਤੋਂ ਹੀ ਟੋਲ ਪਲਾਜ਼ਾ 'ਤੇ ਲਗਾਤਾਰ ਧਰਨੇ 'ਚ ਸ਼ਮੂਲੀਅਤ ਕਰ ਰਹੇ ਸੀ।
ਉਨ੍ਹਾਂ ਦੀ ਪਤਨੀ ਵੀ ਪਿਛਲੇ 10 ਮਹੀਨਿਆਂ ਤੋਂ ਟਿੱਕਰੀ ਬਾਰਡਰ 'ਤੇ ਕਿਸਾਨ ਸੰਘਰਸ਼ 'ਚ ਲੰਗਰ ਦੀ ਸੇਵਾ ਨਿਭਾ ਰਹੀ ਹੈ। ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਗਿਆਸਪੁਰਾ ਨੇ ਦੱਸਿਆ ਕਿ ਮ੍ਰਿਤਕ ਤਾਰਾ ਸਿੰਘ ਹਮੇਸ਼ਾ ਹੀ ਕੇਂਦਰ ਸਰਕਾਰ ਵੱਲੋਂ ਖੇਤੀ ਵਿਰੋਧੀ ਕਾਨੂੰਨਾਂ ਨੂੰ ਵਾਪਸ ਲੈਣ ਲਈ ਕੀਤੀ ਜਾ ਰਹੀ ਅਣਦੇਖੀ ਕਾਰਨ ਚਿੰਤਾ ਵਿੱਚ ਰਹਿੰਦਾ ਸੀ। ਜਿਸ ਕਾਰਨ ਬੀਤੀ ਰਾਤ ਉਸ ਨੇ ਟੌਲ ਪਲਾਜ਼ਾ ਦੇ ਪਾਈਪ ਨਾਲ ਲਟਕ ਕੇ ਆਪਣੀ ਜਾਨ ਦੇ ਦਿੱਤੀ।
ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਸਥਾਨਕ ਸਿਵਲ ਹਸਪਤਾਲ 'ਚ ਭੇਜ ਦਿੱਤਾ ਗਿਆ ਹੈ। ਅੱਜ ਦੇਸ਼ ਭਰ ਵਿੱਚ ਚੱਕਾ ਜਾਮ ਹੋਣ ਕਾਰਨ ਉਨ੍ਹਾਂ ਦੀ ਪਤਨੀ ਨੂੰ ਟਿੱਕਰੀ ਬਾਰਡਰ ਤੋਂ ਵਾਪਸ ਆਉਣ 'ਚ ਮੁਸ਼ਕਲ ਹੋਣ ਕਾਰਨ ਤਾਰਾ ਸਿੰਘ ਦਾ ਸੰਸਕਾਰ ਕੱਲ੍ਹ ਕੀਤਾ ਜਾਵੇਗਾ।