Switzerland Gay Marriage: ਸਵਿਟਜ਼ਰਲੈਂਡ ਵਿੱਚ ਸਮਲਿੰਗੀ ਜੋੜਿਆਂ ਦੇ ਹੱਕ ਵਿੱਚ ਇੱਕ ਇਤਿਹਾਸਕ ਫੈਸਲਾ ਦਿੱਤਾ ਗਿਆ ਹੈ। ਸਵਿਟਜ਼ਰਲੈਂਡ ਦੇ ਵੋਟਰਾਂ ਨੇ ਸਮਲਿੰਗੀ ਵਿਆਹਾਂ ਦੀ ਇਜਾਜ਼ਤ ਦੇਣ ਲਈ ਵੱਡੇ ਬਹੁਮਤ ਨਾਲ ਵੋਟਿੰਗ ਕੀਤੀ ਹੈ, ਜਿਸ ਨਾਲ ਇਹ ਪੱਛਮੀ ਯੂਰਪ ਦੇ ਕਈ ਹੋਰ ਦੇਸ਼ਾਂ ਦੀ ਤਰ੍ਹਾਂ ਸਮਲਿੰਗੀ ਅਧਿਕਾਰਾਂ ਨੂੰ ਪ੍ਰਦਾਨ ਕਰਨ ਵਾਲੇ ਦੇਸ਼ਾਂ ਵਿੱਚੋਂ ਇੱਕ ਬਣ ਗਿਆ ਹੈ।


64.1 ਫੀਸਦੀ ਵੋਟਰਾਂ ਨੇ ਸਮਲਿੰਗੀ ਵਿਆਹਾਂ ਦੇ ਪੱਖ ’ਚ ਪਾਈ ਵੋਟ


ਅਧਿਕਾਰਤ ਨਤੀਜੇ ਦਰਸਾਉਂਦੇ ਹਨ ਕਿ ਸਵਿਟਜ਼ਰਲੈਂਡ ਦੇ ਸਾਰੇ 26 ਕੈਂਟਨ ਜਾਂ ਰਾਜਾਂ ਦੇ 64.1 ਪ੍ਰਤੀਸ਼ਤ ਵੋਟਰਾਂ ਨੇ ਇਸ ਦੇ ਹੱਕ ਵਿੱਚ ਵੋਟ ਦਿੱਤੀ। ਸਵਿਟਜ਼ਰਲੈਂਡ ਦੀ ਸੰਸਦ ਤੇ ਪ੍ਰਬੰਧਕ ਸਭਾ ਫੈਡਰਲ ਕੌਂਸਲ ਨੇ "ਸਾਰਿਆਂ ਲਈ ਵਿਆਹ" ਦੇ ਫੈਸਲੇ ਦਾ ਸਮਰਥਨ ਕੀਤਾ। ਸਵਿਟਜ਼ਰਲੈਂਡ ਨੇ 2007 ਤੋਂ ਸਮਲਿੰਗੀ ਲੋਕਾਂ ਨੂੰ ਇਕੱਠੇ ਰਹਿਣ ਦਾ ਅਧਿਕਾਰ ਦਿੱਤਾ ਹੈ।


ਸਮਰਥਕਾਂ ਨੇ ਕਿਹਾ ਕਿ ਇਸ ਕਦਮ ਨਾਲ ਸਮਲਿੰਗੀ ਜੋੜਿਆਂ ਨੂੰ ਆਮ ਜੋੜਿਆਂ ਦੇ ਸਮਾਨ ਕਾਨੂੰਨੀ ਅਧਿਕਾਰ ਪ੍ਰਾਪਤ ਹੋਣਗੇ। ਇਸ ਵਿੱਚ ਉਨ੍ਹਾਂ ਨੂੰ ਇਕੱਠੇ ਬੱਚਿਆਂ ਨੂੰ ਗੋਦ ਲੈਣ ਦੀ ਇਜਾਜ਼ਤ ਅਤੇ ਸਮਲਿੰਗੀ ਜੀਵਨ ਸਾਥੀਆਂ ਲਈ ਨਾਗਰਿਕਤਾ ਦੀ ਸਹੂਲਤ ਸ਼ਾਮਲ ਹੈ। ਇਹ ਸਮਲਿੰਗੀ ਜੋੜਿਆਂ ਨੂੰ ਨਿਯਮਤ ਸ਼ੁਕਰਾਣੂ ਦਾਨ ਤੱਕ ਪਹੁੰਚ ਦੀ ਆਗਿਆ ਵੀ ਦੇਵੇਗਾ।


ਵਿਰੋਧੀ ਕੀ ਕਹਿੰਦੇ ਹਨ?


ਦੂਜੇ ਪਾਸੇ, ਵਿਰੋਧੀਆਂ ਦਾ ਮੰਨਣਾ ਹੈ ਕਿ ‘ਇਕੱਠੇ ਰਹਿਣ’ ਦੇ ਫੈਸਲੇ ਨੂੰ ‘ਮੁਕੰਮਲ ਵਿਆਹ’ ਵਿੱਚ ਬਦਲਣ ਦਾ ਅਧਿਕਾਰ ਮਰਦਾਂ ਅਤੇ ਔਰਤਾਂ ਦੇ ਮਿਲਾਪ ਦੇ ਅਧਾਰ ’ਤੇ ਪਰਿਵਾਰਕ ਢਾਂਚੇ ਲਈ ਇੱਕ ਝਟਕਾ ਹੋਵੇਗਾ। ਐਤਵਾਰ ਨੂੰ ਜਨੇਵਾ ਦੇ ਇੱਕ ਪੋਲਿੰਗ ਸਟੇਸ਼ਨ 'ਤੇ ਵੋਟਰ ਅੰਨਾ ਲੀਮਗਰੁਬਰ ਨੇ ਕਿਹਾ ਕਿ ਉਨ੍ਹਾਂ ਨੇ ਇਸ ਦੇ ਵਿਰੁੱਧ ਵੋਟ ਪਾਈ ਕਿਉਂਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ "ਬੱਚਿਆਂ ਨੂੰ ਇੱਕ ਪਿਤਾ ਅਤੇ ਇੱਕ ਮਾਂ ਦੀ ਜ਼ਰੂਰਤ ਹੋਵੇਗੀ"।


ਸਵਿਟਜ਼ਰਲੈਂਡ ਦੀ ਆਬਾਦੀ ਸਿਰਫ 85 ਲੱਖ


ਨਿਕੋਲਸ ਡਿਜੀਅਰਲਾਤਕਾ ਨੇ ਕਿਹਾ ਕਿ ਉਨ੍ਹਾਂ ਨੇ ਸਮਲਿੰਗੀ ਵਿਆਹਾਂ ਦੇ ਹੱਕ ਵਿੱਚ ਵੋਟ ਪਾਈ ਹੈ। ਉਨ੍ਹਾਂ ਮੰਨਿਆ ਕਿ ਸਮਲਿੰਗੀ ਵਿਆਹ "ਅਖੌਤੀ" ਪਰੰਪਰਾ ਦੇ ਵਿਰੁੱਧ ਹਨ। “ਮੈਨੂੰ ਲਗਦਾ ਹੈ ਕਿ ਬੱਚਿਆਂ ਲਈ ਮਹੱਤਵਪੂਰਨ ਗੱਲ ਇਹ ਹੈ ਕਿ ਉਨ੍ਹਾਂ ਨੂੰ ਪਿਆਰ ਕੀਤਾ ਜਾਵੇ ਤੇ ਉਨ੍ਹਾਂ ਦਾ ਸਤਿਕਾਰ ਕੀਤਾ ਜਾਵੇ, ਮੈਨੂੰ ਲਗਦਾ ਹੈ ਕਿ ਅਜਿਹੇ ਬੱਚੇ ਹਨ ਜਿਨ੍ਹਾਂ ਨੂੰ ਅਖੌਤੀ ‘ਆਮ’ ਜੋੜਿਆਂ ਵਿੱਚ ਆਦਰ ਜਾਂ ਪਿਆਰ ਨਹੀਂ ਮਿਲਦਾ।’’


ਤੁਹਾਨੂੰ ਦੱਸ ਦੇਈਏ ਕਿ ਸਵਿਟਜ਼ਰਲੈਂਡ ਦੀ ਆਬਾਦੀ 85 ਲੱਖ ਹੈ, ਇਹ ਰਵਾਇਤੀ ਤੌਰ ਤੇ ਇੱਕ ਪੁਰਾਣੇ ਖਿਆਲਾਂ ਵਾਲਾ ਦੇਸ਼ ਹੈ ਅਤੇ 1990 ਵਿੱਚ ਜਾ ਕੇ ਕਿਤੇ ਦੇਸ਼ ਦੀਆਂ ਸਾਰੀਆਂ ਔਰਤਾਂ ਨੂੰ ਵੋਟ ਦਾ ਅਧਿਕਾਰ ਦਿੱਤਾ ਗਿਆ ਸੀ।


ਇਹ ਵੀ ਪੜ੍ਹੋ: Plane Crash: ਹਵਾਈ ਹਾਦਸੇ ’ਚ 3 ਮਰੇ, ਜਹਾਜ਼ ’ਚੋਂ ਮਿਲੀਆਂ ਲਾਸ਼ਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904