ਨਵੀਂ ਦਿੱਲੀ: ਕੋਰੋਨਾਵਾਇਰਸ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਕਿਹਾ ਕਿ ਲੋੜ ਪੈਣ 'ਤੇ ਦਿੱਲੀ ਨੂੰ ਲੋਕਡਾਊਨ ਕਰ ਦਿੱਤਾ ਜਾਵੇਗਾ। 22 ਮਾਰਚ ਨੂੰ ਜਨਤਾ ਕਰਫਿਉ ਦੌਰਾਨ 50 ਪ੍ਰਤੀਸ਼ਤ ਬੱਸਾਂ ਦਿੱਲੀ ਵਿੱਚ ਬੰਦ ਰਹਿਣਗੀਆਂ। ਕੋਰੋਨਾਵਾਇਰਸ ਦੇ ਖ਼ਤਰੇ ਦੇ ਮੱਦੇਨਜ਼ਰ ਸਰਕਾਰ ਨੇ ਸਿਨੇਮਾਘਰਾਂ, ਮਾਲਜ਼ ਅਤੇ ਰੈਸਟੋਰੈਂਟਸ ਨੂੰ ਬੰਦ ਕਰਨ ਸਮੇਤ ਕਈ ਸਾਵਧਾਨੀ ਵਾਲੇ ਕਦਮ ਚੁੱਕੇ ਹਨ। ਦੇਸ਼ ਭਰ ਵਿੱਚ ਸੰਕਰਮਿਤ ਲੋਕਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਅਤੇ ਸੂਬਾ ਸਰਕਾਰਾਂ ਇਸ ਤੋਂ ਬਚਾਅ ਲਈ ਸਾਵਧਾਨੀਪੂਰਣ ਕਦਮ ਚੁੱਕ ਰਹੀਆਂ ਹਨ।

ਰਾਸ਼ਨ ਕੋਟਾ ਵਧਿਆ, 8.5 ਲਾਭਪਾਤਰੀਆਂ ਨੂੰ 4000-5000 ਪੈਨਸ਼ਨ:

ਕੇਜਰੀਵਾਲ ਨੇ ਆਪਣੀ ਪਹਿਲੀ ਡਿਜੀਟਲ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਕੋਵਿਡ-19 ਦੇ ਕਾਰਨ ਪਾਬੰਦੀਆਂ ਕਾਰਨ ਗਰੀਬਾਂ ਨੂੰ ਵਿੱਤੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਐਲਾਨ ਕੀਤਾ ਕਿ ਇਹ ਲੋਕ ਅਗਲੇ ਮਹੀਨੇ ਤੋਂ ਵਾਜਬ ਕੀਮਤਾਂ ਵਾਲੀਆਂ ਦੁਕਾਨਾਂ ਤੋਂ 50 ਪ੍ਰਤੀਸ਼ਤ ਵਾਧੂ ਰਾਸ਼ਨ ਪ੍ਰਾਪਤ ਕਰਨਗੇ ਅਤੇ ਬਜ਼ੁਰਗਾਂ, ਵਿਧਵਾਵਾਂ ਅਤੇ ਅਪਾਹਜਾਂ ਦੀ ਪੈਨਸ਼ਨ ਇਸ ਮਹੀਨੇ ਲਈ ਦੁੱਗਣੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ 7 ਅਪ੍ਰੈਲ ਤੱਕ 8.5 ਲਾਭਪਾਤਰੀਆਂ ਨੂੰ 4000-5000 ਪੈਨਸ਼ਨ ਦਿੱਤੀ ਜਾਏਗੀ।

ਰੈਨ ਬਸੇਰਿਆਂ ਵਿੱਚ ਬੇਘਰੇ ਲੋਕਾਂ ਮੁਹੱਈਆ ਕਰਵਾਇਆ ਜਾਵੇਗਾ:

ਉਨ੍ਹਾਂ ਕਿਹਾ ਕਿ ਅਸੀਂ ਕੋਰੋਨਾਵਾਇਰਸ ਦੇ ਮੱਦੇਨਜ਼ਰ ਦਿਹਾੜੀਦਾਰ ਮਜ਼ਦੂਰਾਂ ਪ੍ਰਤੀ ਬਹੁਤ ਚਿੰਤਤ ਹਾਂ। ਅਸੀਂ ਨਹੀਂ ਚਾਹੁੰਦੇ ਕਿ ਕੋਈ ਵੀ ਖਾਲੀ ਪੇਟ ਤੇ ਸੌਂਵੇ। ਕੇਜਰੀਵਾਲ ਨੇ ਕਿਹਾ ਕਿ ਬੇਘਰੇ ਲੋਕਾਂ ਨੂੰ ਦਿੱਲੀ ਦੇ ਰੈਣ ਬਸੇਰਿਆਂ ‘ਚ ਭੋਜਨ ਮੁਹੱਈਆ ਕਰਵਾਇਆ ਜਾਵੇਗਾ।”

ਪੰਜ ਤੋਂ ਵੱਧ ਲੋਕਾਂ ਦੇ ਇਕੱਠ 'ਤੇ ਪਾਬੰਦੀ:

ਕੇਜਰੀਵਾਲ ਨੇ ਕਿਹਾ ਕਿ ਸਰਕਾਰ ਨੇ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਇਕੱਠਾਂ 'ਚ ਲੋਕਾਂ ਦੀ ਗਿਣਤੀ ਘਟਾ ਦਿੱਤੀ ਹੈ ਤੇ ਹੁਣ ਪੰਜ ਤੋਂ ਵੱਧ ਲੋਕਾਂ ਨੂੰ ਇਕੱਠੇ ਹੋਣ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਫਿਲਹਾਲ ਬੰਦ ਜਿਹੀ ਕੋਈ ਸਥਿਤੀ ਨਹੀਂ ਹੈ, ਪਰ ਕੋਰੋਨਾਵਾਇਰਸ ਦੇ ਮੱਦੇਨਜ਼ਰ ਲੋੜ ਪੈਣ ‘ਤੇ ਅਜਿਹਾ ਕਰਨਾ ਪਏਗਾ।