ਨਵੀਂ ਦਿੱਲੀ: ਐਤਵਾਰ ਨੂੰ ਰਾਮਲੀਲਾ ਮੈਦਾਨ ਵਿੱਚ ਹੋਣ ਵਾਲੇ ਅਰਵਿੰਦ ਕੇਜਰੀਵਾਲ ਦੇ ਮੁੱਖ ਮੰਤਰੀ ਅਹੁਦੇ ਦੇ ਸਹੁੰ ਚੁੱਕ ਸਮਾਰੋਹ ਲਈ ਦਿੱਲੀ ਦੀ ਟ੍ਰੈਫਿਕ ਪੁਲਿਸ ਨੇ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ।
ਐਡਵਾਈਜ਼ਰੀ ਮੁਤਾਬਿਕ, ਸਿਵਿਕ ਸੈਂਟਰ ਦੇ ਅੰਦਰ ਅਤੇ ਬਾਹਰ ਕਾਰਾਂ ਲਈ ਪਾਰਕਿੰਗ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਦੇ ਨਾਲ ਹੀ ਬੱਸਾਂ ਦੀ ਪਾਰਕਿੰਗ ਲਈ ਮਾਤਾ ਸੁੰਦਰੀ ਰੋਡ, ਪਾਵਰ ਹਾਉਸ ਰੋਡ, ਵੇਲੋਡਰੋਮ ਰੋਡ, ਰਾਜਘਾਟ ਪਾਰਕਿੰਗ, ਸ਼ਾਂਤੀ ਵਨ ਪਾਰਕਿੰਗ, ਸਰਵਿਸ ਰੋਡ ਰਾਜਘਾਟ ਅਤੇ ਸਮਤਾਸਥਲ ਵਿਖੇ ਲੋੜ ਅਨੁਸਾਰ ਪ੍ਰਬੰਧ ਕੀਤੇ ਗਏ ਹਨ।
ਸੁਰੱਖਿਆ ਬਾਰੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਸ ਪ੍ਰੋਗਰਾਮ ਲਈ ਲਗਪਗ 3000 ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਜਾਣਗੇ। ਪ੍ਰੋਗਰਾਮ ਵਾਲੀ ਥਾਂ ਤੇ ਅਤੇ ਇਸ ਦੇ ਬਾਹਰ ਸੀਸੀਟੀਵੀ ਕੈਮਰੇ ਵੀ ਲਗਾਏ ਜਾਣਗੇ। ਇਸ ਮੈਦਾਨ ਨੂੰ ਸਜਾਇਆ ਜਾ ਰਿਹਾ ਹੈ ਅਤੇ ਪਾਰਟੀ ਵਰਕਰ ਤਿਆਰੀ 'ਚ ਰੁੱਝੇ ਹੋਏ ਹਨ।
ਇਸ ਵਿਸ਼ਾਲ ਮੈਦਾਨ 'ਚ ਸਵਾ ਲੱਖ ਲੋਕਾਂ ਦੇ ਬੈਠਣ ਦੀ ਸਮਰੱਥਾ ਹੈ। ਸੂਤਰਾਂ ਮੁਤਾਬਕ ਬੈਠਣ ਦੇ ਨਾਲ-ਨਾਲ ਲੋਕਾਂ ਦੇ ਖੜ੍ਹੇ ਹੋਣ ਦਾ ਪ੍ਰਬੰਧ ਵੀ ਹੋਵੇਗਾ। ਹਜ਼ਾਰਾਂ ਲੋਕਾਂ ਦੇ ਇਸ ਸਹੁੰ ਚੁੱਕ ਸਮਾਰੋਹ ਵਿੱਚ ਸ਼ਾਮਲ ਹੋਣ ਦੀ ਉਮੀਦ ਕੀਤੀ ਜਾਂਦੀ ਹੈ।