ਚੰਡੀਗੜ੍ਹ: ਕਾਂਗਰਸੀ ਲੀਡਰ ਤੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਮੰਗਲਵਾਰ ਨੂੰ ਫ਼ਰੀਦਕੋਟ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਪਹੁੰਚੇ। ਇਹ ਉਹੀ ਗੁਰਦੁਆਰਾ ਹੈ, ਜਿੱਥੇ ਸਾਲ 2015 ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਚੋਰੀ ਕਰ ਲਿਆ ਗਿਆ ਸੀ। ਬਰਗਾੜੀ ਬੇਅਦਬੀ ਕਾਂਡ ਤੋਂ ਬਾਅਦ ਉਸ ਨਾਲ ਸਬੰਧਤ ਕੋਟਕਪੂਰਾ ਗੋਲੀ ਕਾਂਡ ਮਾਮਲੇ ਦੀ ਜਾਂਚ ਰਿਪੋਰਟ ਰੱਦ ਕਰਨ ਤੇ ਨਵੀਂ ਐਸਆਈਟੀ ਬਣਾਉਣ ਦੇ ਆਦੇਸ਼ਾਂ ਨੂੰ ਲੈ ਕੇ ਮੱਚੇ ਹੰਗਾਮੇ ਵਿਚਕਾਰ ਨਵਜੋਤ ਸਿੰਘ ਸਿੱਧੂ ਇੱਥੇ ਪਹੁੰਚੇ।


 


ਐਸਆਈਟੀ ਜਾਂਚ ਨੂੰ ਜਨਤਕ ਕਰਨ ਦੀ ਮੰਗ ਕਰਦਿਆਂ ਨਵਜੋਤ ਸਿੱਧੂ ਨੇ ਕੇਸਾਂ ਵਿੱਚ ਤੱਥਾਂ ਦੀ ਪੇਸ਼ਕਾਰੀ ਕਥਿਤ ਤੌਰ ’ਤੇ ਕਮਜ਼ੋਰ ਹੋਣ ਲਈ ਆਪਣੀ ਹੀ ਪਾਰਟੀ ਦੀ ਸਰਕਾਰ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਕਿਹਾ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਵਿਧਾਨ ਸਭਾ ’ਚ ਪੇਸ਼ ਕਰਨ ਦੀ ਤਰਜ਼ ’ਤੇ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਰਿਪੋਰਟ ਨੂੰ ਵੀ ਜਨਤਕ ਕੀਤਾ ਜਾਣਾ ਚਾਹੀਦਾ ਹੈ।




ਵਿਸਾਖੀ ਮੌਕੇ ਗੁਰਦੁਆਰਾ ਬੁਰਜ ਜਵਾਹਰ ਸਿੰਘ ਵਿਖੇ ਮੱਥਾ ਟੇਕਣ ਤੋਂ ਬਾਅਦ ਨਵਜੋਤ ਸਿੱਧੂ ਨੇ ਕਿਹਾ ਕਿ ਲੋਕਾਂ ਨੂੰ ਕਾਫੀ ਉਮੀਦ ਹੈ ਕਿ ਦੋਸ਼ੀਆਂ ਨੂੰ ਸਜ਼ਾ ਮਿਲੇਗੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਨਸਾਫ 'ਚ ਦੇਰੀ ਨਾਲ ਇਨਸਾਫ਼ ਨਕਾਰਿਆ ਜਾਂਦਾ ਹੈ। ਨਵਜੋਤ ਸਿੱਧੂ 15 ਮਿੰਟ ਤਕ ਗੁਰਦੁਆਰਾ ਸਾਹਿਬ ’ਚ ਰਹੇ ਤੇ ਮੱਥਾ ਟੇਕਣ ਤੇ ਅਰਦਾਸ ਕਰਨ ਤੋਂ ਬਾਅਦ ਰਵਾਨਾ ਹੋ ਗਏ।



ਜ਼ਿਕਰਯੋਗ ਹੈ ਕਿ ਫ਼ਰੀਦਕੋਟ ਦੇ ਬੁਰਜ ਜਵਾਹਰ ਸਿੰਘ ਵਾਲਾ ਤੇ ਬਰਗਾੜੀ ਪਿੰਡ ਵਿਖੇ 5 ਸਾਲ ਪੁਰਾਣੇ ਬੇਅਦਬੀ ਤੇ ਕਤਲ ਕਾਂਡ ਦੀ ਜਾਂਚ ਕਰ ਰਹੀ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਡੇਰਾ ਸੱਚਾ ਸੌਦਾ ਦੇ ਕੁਝ ਪੈਰੋਕਾਰਾਂ ਨੂੰ ਨਾਮਜ਼ਦ ਕੀਤਾ ਸੀ ਤੇ ਉਨ੍ਹਾਂ ਦੇ ਇਸ ਕਤਲੇਆਮ ਦਾ ਮੁੱਖ ਮੁਲਜ਼ਮ ਹੋਣ ਦਾ ਸ਼ੱਕ ਜਤਾਇਆ ਸੀ।


 


ਜੂਨ 2016 ’ਚ ਇੱਕ ਅਣਪਛਾਤੇ ਵਿਅਕਤੀ ਨੇ ਡੇਰਾ ਪੈਰੋਕਾਰ ਗੁਰਦੇਵ ਸਿੰਘ 'ਤੇ ਗੋਲੀ ਚਲਾਉਣ ਤੋਂ ਬਾਅਦ ਫ਼ਰੀਦਕੋਟ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਆਪਣੀ ਕਰਿਆਨੇ ਦੀ ਦੁਕਾਨ 'ਤੇ ਡੇਰਾ ਪੈਰੋਕਾਰਾਂ ਦੁਆਰਾ ਭਾਰੀ ਵਿਰੋਧ ਪ੍ਰਦਰਸ਼ਨ ਕੀਤਾ ਸੀ। ਕੋਟਕਪੂਰਾ ਤੇ ਇਸ ਦੇ ਨੇੜਲੇ ਦੋ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੇ ਬਰਗਾੜੀ ਪਿਛਲੇ ਪੰਜ ਸਾਲਾਂ ਤੋਂ ਵਿਵਾਦ ਦਾ ਕੇਂਦਰ ਰਹੇ ਹਨ।


 


ਜ਼ਿਕਰਯੋਗ ਹੈ ਕਿ 1 ਜੂਨ, 2015 ਨੂੰ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਇਕ ‘ਬੀੜ’ ਚੋਰੀ ਹੋ ਗਈ ਸੀ। 12 ਅਕਤੂਬਰ 2015 ਨੂੰ ਇਸ ‘ਬੀੜ’ ਦੇ ਫਟੇ ਹੋਏ ਪੰਨਿਆਂ ਨਾਲ ਲੱਗਦੀ ਬਰਗਾੜੀ ਪਿੰਡ ਦੇ ਗੁਰਦੁਆਰਾ ਦੇ ਸਾਹਮਣੇ ਖਿੰਡੇ ਹੋਏ ਮਿਲੇ ਸਨ। ਇੱਥੇ ਭਾਰੀ ਵਿਰੋਧ ਪ੍ਰਦਰਸ਼ਨ ਹੋਏ, ਜਿਸ ਵਿੱਚ ਬਹਿਬਲ ਕਲਾਂ ਵਿਖੇ ਦੋ ਸਿੱਖ ਪ੍ਰਦਰਸ਼ਨਕਾਰੀ ਮਾਰੇ ਗਏ। ਉਸ ਤੋਂ ਬਾਅਦ ਬੁਰਜ ਜਵਾਹਰ ਸਿੰਘ ਵਾਲਾ ਵਿਖੇ 16 ਜੂਨ 2016 ਨੂੰ ਡੇਰਾ ਪੈਰੋਕਾਰ ਦੀ ਹੱਤਿਆ ਕੀਤੀ ਗਈ ਸੀ।