ਸਿੰਘੂ ਬਾਰਡਰ: ਕਿਸਾਨ ਅੰਦੋਲਨ ਨੂੰ ਦੇਸ਼ ਹੀ ਨਹੀਂ ਸਗੋਂ ਵਿਦੇਸ਼ਾਂ ਤੋਂ ਵੀ ਸਮਰਥਨ ਮਿਲ ਰਿਹਾ ਹੈ। ਅੰਤਰਾਸ਼ਟਰੀ ਮਸ਼ਹੂਰ ਹਸਤੀਆਂ ਵੀ ਕਿਸਾਨਾਂ ਦੇ ਹੱਕ 'ਚ ਬੋਲ ਰਹੀਆਂ ਹਨ। ਲੋਕ ਆਪਣੇ ਕੰਮਕਾਜ ਛੱਡ ਕੇ ਕਿਸਾਨ ਅੰਦੋਲਨ ਦਾ ਹਿੱਸਾ ਬਣ ਰਹੇ ਹਨ। ਹੁਣ ਭਾਰਤ ਦਾ ਬਾਸਕਿਟਬਾਲ ਖਿਡਾਰੀ ਵੀ ਅਮਰੀਕਾ 'ਚ ਟ੍ਰੇਨਿੰਗ ਛੱਡ ਕੇ ਕਿਸਾਨਾਂ ਦੇ ਹੱਕ 'ਚ ਆ ਖੜ੍ਹਿਆ ਹੈ।


 


ਬਾਸਕਿਟਬਾਲ ਖਿਡਾਰੀ ਯਾਦਵਿੰਦਰ ਸਿੰਘ ਸਿੰਘੂ ਬਾਰਡਰ 'ਤੇ ਕਿਸਾਨਾਂ ਦੀ ਸੇਵਾ ਕਰ ਰਿਹਾ ਹੈ। ਯਾਦਵਿੰਦਰ ਭਾਰਤ ਦੀ ਬਾਸਕਿਟਬਾਲ ਟੀਮ ਦਾ ਕੈਪਟਨ ਰਹਿ ਚੁੱਕਿਆ ਹੈ। ਯਾਦਵਿੰਦਰ ਦੋ ਵਾਰ ਕਾਮਨਵੈਲਥ ਖੇਡਾਂ ਤੇ ਦੋ ਵਾਰ ਏਸ਼ੀਅਨ ਖੇਡਾਂ 'ਚ ਹਿੱਸਾ ਵੀ ਲੈ ਚੁੱਕਿਆ ਹੈ। ਉਹ ਅੰਮ੍ਰਿਤਸਰ ਦੇ ਪਿੰਡ ਰਸੂਲਪੁਰ ਖੁਰਦ ਦਾ ਰਹਿਣ ਵਾਲਾ ਹੈ। ਸੱਟ ਲੱਗਣ ਕਾਰਨ ਯਾਦਵਿੰਦਰ ਅੱਜ ਕੱਲ੍ਹ ਟੀਮ 'ਚੋਂ ਬਾਹਰ ਹੈ।


 


ਉਹ ਅਮਰੀਕਾ ਤੋਂ ਆ ਕੇ ਕੁਝ ਸਮਾਂ ਹੀ ਘਰ ਰੁਕਿਆ ਤੇ ਫਿਰ ਬਾਰਡਰ 'ਤੇ ਆ ਕੇ ਅੰਦੋਲਨ ਦਾ ਹਿੱਸਾ ਬਣ ਗਿਆ। ਯਾਦਵਿੰਦਰ ਕਿਸਾਨੀ ਪਰਿਵਾਰ ਨਾਲ ਸਬੰਧ ਰੱਖਦਾ ਹੈ। ਉਸ ਦਾ ਕਹਿਣਾ ਹੈ ਕਿ ਵਿਦੇਸ਼ 'ਚ ਰਹਿ ਕੇ ਕਿਸਾਨਾਂ ਦਾ ਦਰਦ ਨਹੀਂ ਦੇਖਿਆ ਗਿਆ। ਇਸੇ ਕਰਕੇ ਉਸ ਨੇ ਸਭ ਕੁਝ ਛੱਡ ਕੇ ਵਾਪਸ ਆਉਣ ਦਾ ਫੈਸਲਾ ਲਿਆ। ਉਸ ਨੇ ਮੰਗ ਕੀਤੀ ਕਿ ਸਰਕਾਰ ਨੂੰ ਖੇਤੀ ਕਾਨੂੰਨ ਰੱਦ ਕਰਨੇ ਚਾਹੀਦੇ ਹਨ।