ਨਵੀਂ ਦਿੱਲੀ: ਕੋਰੋਨਾ ਦੇ ਫੈਲਣ ਨੇ ਭਾਰਤੀ ਅਰਥ-ਵਿਵਸਥਾ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਹੁਣ ਵਿਸ਼ਵ ਬੈਂਕ ਨੇ ਕਿਹਾ ਹੈ ਕਿ ਕੋਰੋਨਾ ਮਹਾਮਾਰੀ ਨੇ ਭਾਰਤੀ ਅਰਥਚਾਰੇ ਨੂੰ ਜ਼ਬਰਦਸਤ ਝਟਕਾ ਦਿੱਤਾ ਹੈ। ਇਹ ਦੇਸ਼ ਦੀ ਆਰਥਿਕ ਵਿਕਾਸ ਦਰ ‘ਚ ਭਾਰੀ ਗਿਰਾਵਟ ਦਾ ਕਾਰਨ ਬਣੇਗਾ।


ਵਿਸ਼ਵ ਬੈਂਕ ਨੇ ਐਤਵਾਰ ਨੂੰ ਦੱਖਣੀ ਏਸ਼ੀਆ ਦੀ ਆਰਥਿਕਤਾ ਬਾਰੇ ਆਪਣੀ ਤਾਜ਼ਾ ਰਿਪੋਰਟ ‘ਕੋਵਿਡ-19 ਦਾ ਪ੍ਰਭਾਵ’ ‘ਚ ਕਿਹਾ  ਕਿ 2019-20 ਵਿੱਚ ਭਾਰਤੀ ਅਰਥਚਾਰੇ ਦੀ ਵਿਕਾਸ ਦਰ ਪੰਜ ਪ੍ਰਤੀਸ਼ਤ ਤੱਕ ਆ ਜਾਵੇਗੀ। ਇਸ ਤੋਂ ਇਲਾਵਾ ਤੁਲਨਾਤਮਕ ਅਧਾਰ 'ਤੇ 2020-21 ‘ਤੇ ਆਰਥਿਕਤਾ ਦੀ ਵਿਕਾਸ ਦਰ ਬਹੁਤ ਘੱਟ ਜਾਵੇਗੀ ਤੇ ਹੇਠਾਂ 2.8 ਪ੍ਰਤੀਸ਼ਤ 'ਤੇ ਆ ਜਾਵੇਗੀ।


ਰਿਪੋਰਟ ‘ਚ ਕਿਹਾ ਗਿਆ ਹੈ ਕਿ ਕੋਵਿਡ-19 ਦਾ ਸਦਮਾ ਅਜਿਹੇ ਸਮੇਂ ਲੱਗਾ ਹੈ ਜਦੋਂ ਵਿੱਤੀ ਖੇਤਰ ਵਿਚ ਦਬਾਅ ਕਾਰਨ ਭਾਰਤੀ ਆਰਥਿਕਤਾ ਪਹਿਲਾਂ ਹੀ ਸੁਸਤ ਹੈ। ਇਸ ਮਹਾਮਾਰੀ ਨੂੰ ਰੋਕਣ ਲਈ ਸਰਕਾਰ ਨੇ ਦੇਸ਼ ਵਿਆਪੀ ਤਾਲਾਬੰਦੀ ਲਾਗੂ ਕੀਤੀ ਹੈ। ਇਸ ਨਾਲ ਲੋਕਾਂ ਦੀ ਆਵਾਜਾਈ ਠੱਪ ਹੋ ਗਈ ਹੈ ਤੇ ਮਾਲ ਦੀ ਸਪਲਾਈ ਪ੍ਰਭਾਵਤ ਹੋਈ ਹੈ।


ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਘਰੇਲੂ ਸਪਲਾਈ ਤੇ ਮੰਗ ਪ੍ਰਭਾਵਤ ਹੋਣ ਕਾਰਨ ਆਰਥਿਕ ਵਿਕਾਸ ਦਰ 2020-21 ਵਿੱਚ ਘੱਟ ਕੇ 2.8 ਪ੍ਰਤੀਸ਼ਤ ਹੋ ਜਾਵੇਗੀ। ਘਰੇਲੂ ਨਿਵੇਸ਼ ਵਿਚ ਸੁਧਾਰ ਵੀ ਵਿਸ਼ਵ ਪੱਧਰ 'ਤੇ ਜੋਖਮ ਵਧਣ ਕਾਰਨ ਦੇਰੀ ਨਾਲ ਹੋਵੇਗਾ।