ਪਟਨਾ: ਬਿਹਾਰ ਦੇ ਮੋਤੀਹਾਰੀ ਜ਼ਿਲ੍ਹੇ ਦੇ ਇੱਕ ਪਿੰਡ ਦੇ ਤਲਾਅ ਵਿੱਚ ਤਿੰਨ ਕੁੜੀਆਂ ਦੀ ਡੁੱਬਣ ਕਰਕੇ ਮੌਤ ਹੋਣ ਦੀ ਖ਼ਬਰ ਹੈ। ਤਿੰਨੇ ਕੁੜੀਆਂ ਨਹਾਉਣ ਲਈ ਛੱਪੜ ਕੰਢੇ ਗਈਆਂ ਸਨ ਪਰ ਤਿੰਨੇ ਡੁੱਬ ਗਈਆਂ। ਪਤਾ ਲੱਗਦਿਆਂ ਪਿੰਡ ਦੇ ਲੋਕ ਪਹੁੰਚੇ ਪਰ ਉਦੋਂ ਤੱਕ ਬੱਚੀਆਂ ਦੀ ਮੌਤ ਹੋ ਚੁੱਕੀ ਸੀ।


ਆਪਸ 'ਚ ਤਿੰਨੇ ਚਚੇਰੀਆਂ ਭੈਣਾਂ ਸਨ


ਘਟਨਾ ਸਬੰਧੀ ਦੱਸਿਆ ਜਾ ਰਿਹਾ ਹੈ ਕਿ ਮਰਨ ਵਾਲੀਆਂ ਤਿੰਨੇ ਕੁੜੀਆਂ ਆਪਸ ਵਿੱਚ ਚਚੇਰੀਆਂ ਭੈਣਾਂ ਸਨ, ਜਿਨ੍ਹਾਂ ਵਿੱਚੋਂ ਦੋ ਸਕੀਆਂ ਭੈਣਾਂ ਸਨ। ਮ੍ਰਿਤਕਾਂ ਦੀ ਪਛਾਣ ਅਨੁਰਾਧਾ, ਰੌਸ਼ਨੀ ਅਤੇ ਲਲਿਤਾ ਕੁਮਾਰੀ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਨਹਾਉਂਦੇ ਸਮੇਂ ਰੌਸ਼ਨੀ ਡੂੰਘੇ ਪਾਣੀ ਵਿੱਚ ਡੁੱਬਣ ਲੱਗੀ ਤਾਂ ਦੋਵੇਂ ਭੈਣਾਂ ਉਸ ਨੂੰ ਬਚਾਉਣ ਗਈਆਂ, ਪਰ ਤਿੰਨੇ ਡੁੱਬ ਗਈਆਂ। ਪਿੰਡ ਦੇ ਕੁਝ ਨੌਜਵਾਨਾਂ ਨੇ ਜਦ ਉਨ੍ਹਾਂ ਨੂੰ ਡੁੱਬਦਾ ਦੇਖਿਆ ਤਾਂ ਮਾਪਿਆਂ ਨੂੰ ਇਸ ਦੀ ਜਾਣਕਾਰੀ ਮਿਲੀ।


ਘਟਨਾ ਦੀ ਸੂਚਨਾ ਮਿਲਦੇ ਹੀ ਮਾਪਿਆਂ ਦੇ ਨਾਲ-ਨਾਲ ਪਿੰਡ ਵਾਲੇ ਵੀ ਤਲਾਅ ਕੋਲ ਪਹੁੰਚੇ। ਪਰ ਪਾਣੀ ਵਿੱਚੋਂ ਕੱਢੇ ਜਾਣ ਤੋਂ ਪਹਿਲਾਂ ਹੀ ਤਿੰਨਾਂ ਦੀ ਮੌਤ ਹੋ ਚੁੱਕੀ ਸੀ। ਤਿੰਨਾਂ ਬੱਚੀਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ। ਘਟਨਾ ਤੋਂ ਬਾਅਦ ਪਿੰਡ ਵਿੱਚ ਸੋਗ ਦਾ ਮਾਹੌਲ ਹੈ।