ਚੰਡੀਗੜ੍ਹ: ਮੋਦੀ ਸਰਕਾਰ ਦੇ ਖੇਤੀ ਕਾਨੂੰਨਾਂ ਨੇ ਪੰਜਾਬ ਅੰਦਰ ਬੀਜੇਪੀ ਦੀ ਖੇਡ ਪੂਰੀ ਤਰ੍ਹਾਂ ਖਰਾਬ ਕਰ ਦਿੱਤੀ ਹੈ। ਦੇਸ਼ ਭਰ ਦੇ ਸੂਬਿਆਂ ਅੰਦਰ ਪੈਰ ਜਮਾਉਣ ਮਗਰੋਂ ਬੀਜੇਪੀ ਸਿੱਖ ਚਿਹਰਿਆਂ ਨੂੰ ਅੱਗੇ ਲਿਆ ਕੇ ਪੰਜਾਬ ਫਤਹਿ ਕਰਨ ਦੀ ਰਣਨੀਤੀ ਉਲੀਕ ਰਹੀ ਸੀ। ਇਸ ਲਈ ਚਰਚਾ ਸੀ ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਕੁਝ ਬਾਗੀ ਲੀਡਰ ਬੀਜੇਪੀ ਵਿੱਚ ਜਾ ਸਕਦੇ ਹਨ। ਖੇਤੀ ਕਾਨੂੰਨਾਂ ਮਗਰੋਂ ਪੈਦਾ ਹੋਏ ਹਾਲਾਤ ਕਰਕੇ ਹੁਣ ਕਿਸਾਨੀ ਨਾਲ ਜੁੜੇ ਸਿੱਖ ਲੀਡਰ ਬੀਜੇਪੀ ਦੀ ਗੱਲ ਕਰਨੋਂ ਵੀ ਕਤਰਾਉਣ ਲੱਗੇ ਹਨ।
ਹਾਲਾਤ ਇਹ ਬਣ ਗਏ ਹਨ ਕਿ ਹੁਣ ਕਿਸਾਨੀ ਪਿਛਕੋੜ ਵਾਲੇ ਬੀਜੇਪੀ ਲੀਡਰ ਅਸਤੀਫੇ ਦੇਣ ਲਈ ਮਜਬੂਰ ਹਨ। ਇਸ ਨੂੰ ਲੈ ਕੇ ਪੰਜਾਬ ਬੀਜੇਪੀ ਦੀ ਲੀਡਰਸ਼ਿਪ ਨੇ ਆਪਣਾ ਫਿਕਰ ਹਾਈਕਮਾਨ ਕੋਲ ਜ਼ਾਹਿਰ ਕੀਤਾ ਹੈ। ਬੀਜੇਪੀ ਲੀਡਰਾਂ ਦਾ ਮੰਨਣਾ ਹੈ ਕਿ ਅਕਾਲੀ ਦਲ ਦੇ ਵੱਖ ਹੋਣ ਨਾਲ ਹੋਏ ਨੁਕਸਾਨ ਦੀ ਭਰਪਾਈ ਤਾਂ ਸ਼ਾਇਦ ਹੋ ਜਾਂਦੀ ਪਰ ਆਪਣੇ ਹੀ ਲੀਡਰਾਂ ਦੇ ਅਸਤੀਫੇ ਪਾਰਟੀ ਲਈ ਗੰਭੀਰ ਰੁਝਾਨ ਹੈ। ਇਸ ਲਈ ਹੁਣ ਬੀਜੇਪੀ ਦਾ ਪੰਜਾਬ ਫਤਹਿ ਦਾ ਸੁਫਨਾ ਚਕਨਾਚੂਰ ਹੋਣ ਲੱਗਾ ਹੈ।
ਕੁਝ ਸਮਾਂ ਪਹਿਲਾਂ ਅਕਾਲੀ ਦਲ ਡੈਮੋਕ੍ਰੈਟਿਕ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਦੀਆਂ ਬੀਜੇਪੀ ਨਾਲ ਨਜ਼ਦੀਕੀਆਂ ਦੀ ਚਰਚਾ ਸੀ। ਤਾਜ਼ਾ ਹਾਲਾਤ ਮਗਰੋਂ ਢੀਂਡਸਾ ਨੇ ਵੀ ਬੀਜੇਪੀ ਨਾਲ ਲਕੀਰ ਖਿੱਚ ਲਈ ਹੈ। ਢੀਂਡਸਾ ਦਾ ਕਹਿਣਾ ਹੈ ਕਿ ਬੀਜੇਪੀ ਨੂੰ ਪੂਰੇ ਦੇਸ਼ ਨੇ ਨਕਾਰ ਦਿੱਤਾ ਹੈ ਤੇ ਅਕਾਲੀ ਦਲ (ਡ) ਦਾ ਬੀਜੇਪੀ ਨਾਲ ਕਿਸੇ ਤਰ੍ਹਾਂ ਦੀ ਸਾਂਝ ਜਾਂ ਗੱਠਜੋੜ ਦਾ ਸਵਾਲ ਪੈਦਾ ਹੀ ਨਹੀਂ ਹੁੰਦਾ। ਉਨ੍ਹਾਂ ਦਾ ਮੰਨਣਾ ਹੈ ਕਿ ਬੀਜੇਪੀ ਨੇ ਖੇਤੀ ਕਾਨੂੰਨ ਲਿਆ ਕੇ ਦੇਸ਼ ਭਰ ਦੇ ਕਿਸਾਨਾਂ ਨਾਲ ਧ੍ਰੋਹ ਕਮਾਇਆ ਹੈ।
ਇਸੇ ਤਰ੍ਹਾਂ ਕੁਝ ਹੋਰ ਲੀਡਰਾਂ ਨੇ ਵੀ ਬੀਜੇਪੀ ਨਾਲੋਂ ਦੂਰੀ ਬਣਾ ਲਈ ਹੈ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਖੇਤੀ ਕਾਨੂੰਨਾਂ ਮਗਰੋਂ ਜਿਸ ਤਰੀਕੇ ਨਾਲ ਸਿਆਸੀ ਸਮੀਕਰਨ ਬਦਲੇ ਹਨ, ਅਜਿਹੇ ਵਿੱਚ ਬੀਜੇਪੀ ਦਾ ਪੰਜਾਬ ਅੰਦਰ ਭਵਿੱਖ ਧੁੰਦਲਾ ਹੋ ਗਿਆ ਹੈ। ਪਾਰਟੀ ਨੇ ਪਿਛਲੇ ਕੁਝ ਸਮੇਂ ਵਿੱਚ ਪੰਜਾਬ ਦੇ ਪਿੰਡਾਂ ਅੰਦਰ ਆਪਣੇ ਪੈਰ ਜਮਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਹੁਣ ਇੰਨਾ ਖੋਰਾ ਲੱਗਾ ਹੈ ਕਿ ਇਹ ਭਰਪਾਈ ਲੰਬਾ ਸਮਾਂ ਨਹੀਂ ਹੋ ਸਕੇਗੀ।