ਵਾਸ਼ਿੰਗਟਨ: ਭਾਰਤੀ-ਅਮਰੀਕੀ ਵਿਦਿਆਰਥਣ ਅੰਨਰੋਜ ਜੈਰੀ ਦੀ ਲਾਸ਼ ਸ਼ੁੱਕਰਵਾਰ ਵਾਰ ਸਟੇਟ ਆਫ ਇੰਡੀਆਨਾ ਦੀ ਸੇਂਟ ਝੀਲ 'ਚੋਂ ਬਰਾਮਦ ਹੋਈ। ਜੈਰੀ 21 ਜਨਵਰੀ ਤੋਂ ਲਾਪਤਾ ਸੀ। ਉਹ ਯੂਨੀਵਰਸਿਟੀ ਆਫ ਨੋਟ੍ਰੇਡਮ 'ਚ ਪੜ੍ਹਦੀ ਸੀ। ਇਸ ਸਾਲ ਸਾਇੰਸ ਬਿਜ਼ਨੈਸ ਵਿਸ਼ੇ 'ਚ ਆਪਣੀ ਗ੍ਰੈਜੂਏਸ਼ਨ ਪੂਰੀ ਕਰਨ ਵਾਲੀ ਸੀ। ਯੂਨੀਵਰਸਿਟੀ ਨੇ ਉਸ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।


ਜੈਰੀ ਦੇ ਲਾਪਤਾ ਹੋਣ ਦੀ ਖ਼ਬਰ ਮਿਲਦਿਆਂ ਹੀ ਪੁਲਿਸ ਨੇ ਉਸ ਦੀ ਭਾਲ ਆਰੰਭ ਦਿੱਤੀ ਸੀ। ਦੋ ਦਿਨ ਤੱਕ ਕੋਈ ਸੁਰਾਗ ਨਾ ਮਿਲਣ ਕਰਕੇ ਪੁਲਿਸ ਨੇ ਝੀਲ ਕੋਲ ਉਸ ਦੀ ਭਾਲ ਸ਼ੁਰੂ ਕੀਤੀ। ਇਸ ਦੌਰਾਨ ਬਚਾਅ ਦਲ ਨੂੰ ਸ਼ੁੱਕਰਵਾਰ ਉਸ ਦੀ ਲਾਸ਼ ਮਿਲੀ। ਜੈਰੀ ਦੇ ਪਰਿਵਾਰ ਮੁਤਾਬਕ ਉਸ ਦੀ ਲਾਸ਼ 'ਤੇ ਕਿਸੇ ਵੀ ਤਰ੍ਹਾਂ ਦੀ ਸੱਟ ਦੇ ਨਿਸ਼ਾਨ ਮੌਜੂਦ ਨਹੀਂ ਹਨ।

ਉਸ ਦਾ ਮੋਬਾਈਲ ਫੋਨ ਵੀ ਸਹੀ ਸਲਾਮਤ ਮਿਲਿਆ ਹੈ। ਅਜਿਹਾ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਉਹ ਟਹਿਲਦੇ ਜਾਂ ਜਾਗਿੰਗ ਕਰਦੇ ਸਮੇਂ ਝੀਲ 'ਚ ਡਿੱਗ ਗਈ ਹੋ ਸਕਦੀ ਹੈ। ਜੈਰੀ 2000 'ਚ ਆਪਣੇ ਮਾਤਾ-ਪਿਤਾ ਸਮੇਤ ਅਮਰੀਕਾ ਆ ਗਈ ਸੀ।