ਅੰਮ੍ਰਿਤਸਰ: ਨਵਜੋਤ ਸਿੱਧੂ ਨੂੰ ਪਹਿਲਾਂ ਪੀਡੀਏ 'ਚ ਸ਼ਾਮਿਲ ਹੋਣ ਲਈ ਸੱਦਾ ਦਿੱਤਾ ਗਿਆ ਸੀ। ਸੁਖਦੇਵ ਢੀਂਡਸਾ ਤੇ ਪਰਮਿੰਦਰ ਢੀਂਡਸਾ ਨੂੰ ਆਪਣੇ ਨਾਲ ਰਲਾਉਣ ਤੋਂ ਬਾਅਦ ਹੁਣ ਅਕਾਲੀ ਦਲ ਟਕਸਾਲੀ ਵਲੋਂ ਨਵਜੋਤ ਸਿੱਧੂ ਨੂੰ ਵੀ ਆਪਣੇ ਨਾਲ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ ਹੈ। ਅਕਾਲੀ ਦਲ ਟਕਸਾਲੀ ਦੇ ਸਕੱਤਰ ਜਨਰਲ ਸੇਵਾ ਸਿੰਘ ਸੇਖਵਾਂ ਦਾ ਕਹਿਣਾ ਹੈ ਕਿ ਪੰਥਕ ਆਗੂਆਂ ਤੋਂ ਇਲਾਵਾ ਹੁਣ ਹੋਰ ਪੰਜਾਬ ਹਿਤੈਸ਼ੀ ਆਗੂਆਂ ਨੂੰ ਉਨ੍ਹਾਂ ਨਾਲ ਰਲ ਕੇ ਚੱਲਣ ਲਈ ਸੱਦਾ ਦਿੱਤਾ ਜਾ ਰਿਹਾ ਹੈ, ਜਿਸ ਤਹਿਤ ਨਵਜੋਤ ਸਿੱਧੂ ਨੂੰ ਵੀ ਸੱਦਾ ਦਿੱਤਾ ਗਿਆ ਹੈ।


ਸੇਖਵਾਂ ਮੁਤਾਬਕ ਜੇ ਨਵਜੋਤ ਸਿੱਧੂ ਸ਼ਮੂਲੀਅਤ ਲਈ ਆਉਂਦੇ ਹਨ ਤਾਂ ਪਾਰਟੀ ਆਗੂ ਉਨ੍ਹਾਂ ਨੂੰ ਨੰਗੇ ਪੈਰੀ ਲੈਣ ਲਈ ਜਾਣਗੇ। ਉਨ੍ਹਾਂ ਕਿਹਾ ਕਿ ਸਿੱਧੂ ਨੂੰ ਆਉਂਦੀਆਂ ਵਿਧਾਨ ਸਭਾ ਚੋਣਾਂ 'ਚ ਮੁੱਖ ਮੰਤਰੀ ਦੇ ਉਮੀਦਵਾਰ ਵਜੋਂ ਸੱਦਾ ਦਿੱਤਾ ਗਿਆ ਹੈ। ਸਿੱਧੂ ਨਾਲ ਸੰਪਰਕ ਕਰਨ ਵਾਸਤੇ ਸਾਬਕਾ ਸੰਸਦ ਮੈਂਬਰ ਡਾ. ਰਤਨ ਸਿੰਘ ਅਜਨਾਲਾ ਦੀ ਡਿਊਟੀ ਲਗਾਈ ਗਈ ਹੈ।

ਸੇਵਾ ਸਿੰਘ ਸੇਖਵਾਂ ਦਾ ਕਹਿਣਾ ਸੀ ਕਿ ਉਨ੍ਹਾਂ ਇਹ ਲੜਾਈ ਇੱਕ ਸਿਧਾਂਤ ਨੂੰ ਲੈ ਕੇ ਸ਼ੁਰੂ ਕੀਤੀ ਹੈ ਤੇ ਉਨ੍ਹਾਂ ਦਾ ਮੰਤਵ ਪੁਰਾਣੇ ਅਕਾਲੀ ਦਲ ਨੂੰ ਮੁੜ ਤੋਂ ਸੁਰਜੀਤ ਕਰਨਾ ਹੈ। ਨਾਲ ਹੀ ਸੇਖਵਾਂ ਨੇ ਇਹ ਵੀ ਦੱਸਿਆ ਕਿ ਸੁਖਦੇਵ ਢੀਂਡਸਾ ਦੀ ਅਗੁਵਾਈ ਹੇਠ ਸਾਰੇ ਇੱਕ ਮੰਚ 'ਤੇ ਇੱਕਠੇ ਹੋਣ ਲਈ ਸਹਿਮਤ ਹੋ ਗਏ ਹਨ ਤੇ ਬਾਦਲਾਂ ਨੂੰ ਪਾਰਟੀ 'ਚੋਂ ਬਾਹਰ ਕਰਨ ਮਗਰੋਂ ਸਾਰੇ ਸ਼੍ਰੋਮਣੀ ਅਕਾਲੀ ਦਲ ਨੂੰ ਸੁਰਜੀਤ ਕਰਨਗੇ ਤੇ ਇਸ ਦਾ ਹੀ ਹਿੱਸਾ ਹੋਣਗੇ।