ਰਮਨਦੀਪ ਕੌਰ ਦੀ ਰਿਪੋਰਟ

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ ਝੋਨੇ ਦੀ ਲਵਾਈ ਲਈ ਲੇਬਰ ਦਾ ਪ੍ਰਬੰਧ ਕਰਨ ਲਈ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਪਿੱਤਰੀ ਸੂਬਿਆਂ ਤੋਂ ਲਿਆਉਣ ਲਈ ਚਾਰਾਜੋਈ ਵਿੱਢਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਆਪਣੇ ਮੁੱਖ ਸਕੱਤਰ ਨੂੰ ਇਸ ਸਬੰਧੀ ਕੇਂਦਰ ਨਾਲ ਰਾਬਤਾ ਕਾਇਮ ਕਰਨ ਲਈ ਵੀ ਕਿਹਾ ਹੈ।

ਸਬੰਧਤ ਖ਼ਬਰ- ਕੈਪਟਨ ਦਾ ਵੱਡਾ ਦਾਅਵਾ, ਪੰਜਾਬ ਤੋਂ ਭੇਜੇ ਪਰਵਾਸੀ ਮਜ਼ਦੂਰ ਬਿਹਾਰ ਨੇ ਵੀ ਠੁਕਰਾਏ!
ਮੁੱਖ ਮੰਤਰੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ਤੇ ਬਿਹਾਰ ਤੋਂ ਇਲਾਵਾ ਹੋਰਨਾਂ ਸੂਬਿਆਂ ’ਚੋਂ ਬਹੁਤੇ ਕਿਰਤੀ ਝੋਨੇ ਦੇ ਸੀਜ਼ਨ ਦੌਰਾਨ ਕੰਮ ਕਰਨ ਲਈ ਪੰਜਾਬ ਆਉਣ ਵਾਸਤੇ ਬੇਨਤੀਆਂ ਕਰ ਰਹੇ ਹਨ। ਉਨ੍ਹਾਂ ਮੁੱਖ ਸਕੱਤਰ ਨੂੰ ਇਸ ਬਾਰੇ ਕੇਂਦਰ ਸਰਕਾਰ ਨਾਲ ਗੱਲਬਾਤ ਕਰਨ ਵਾਸਤੇ ਕਿਹਾ ਹੈ ਤਾਂ ਜੋ ਪ੍ਰਕਿਰਿਆ ਨੂੰ ਅੱਗੇ ਵਧਾਇਆ ਜਾ ਸਕੇ। ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਅਜਿਹੇ ਸਾਰੇ ਕਿਰਤੀਆਂ ਨੂੰ ਉਨ੍ਹਾਂ ਪਿੰਡਾਂ ਵਿੱਚ ਹੀ ਏਕਾਂਤਵਾਸ ਕੀਤਾ ਜਾਵੇਗਾ ਜਿੱਥੇ ਉਹ ਕੰਮ ਕਰਨ ਲਈ ਆਉਣਗੇ।

ਜ਼ਰੂਰ ਪੜ੍ਹੋ: ਭਾਰਤ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਇੱਕ ਲੱਖ ਤੋਂ ਪਾਰ, ਬੀਤੇ ਤਿੰਨ ਦਿਨਾਂ ‘ਚ ਸਭ ਤੋਂ ਵੱਧ 15 ਹਜ਼ਾਰ ਕੇਸ ਵਧੇ

ਜ਼ਿਕਰਯੋਗ ਹੈ ਕਿ ਬੀਤੇ ਦਿਨ ਸੰਗਰੂਰ ਵਿੱਚ ਆਪਣੀ ਜ਼ਿਲ੍ਹਾ ਪੱਧਰੀ ਬੈਠਕ ਦੌਰਾਨ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਨੇ ਮੁੱਖ ਮੰਤਰੀ ਤੋਂ ਉੱਤਰ ਪ੍ਰਦੇਸ਼ ਤੇ ਬਿਹਾਰ ਦੀ ਲੇਬਰ ਦਾ ਪ੍ਰਬੰਧ ਕਰਵਾਉਣ ਤੇ ਝੋਨੇ ਦੀ ਸਿੱਧੀ ਬਿਜਾਈ ਲਈ ਮਸ਼ੀਨਾਂ ’ਤੇ 60 ਫੀਸਦੀ ਸਬਸਿਡੀ ਦੀ ਮੰਗ ਕੀਤੀ ਸੀ। ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਝੋਨੇ ਦੀ ਲਵਾਈ ਲਈ ਮਜ਼ਦੂਰਾਂ ਦੀ ਘਾਟ ਦੇ ਮੱਦੇਨਜ਼ਰ ਸਰਕਾਰ ਠੋਸ ਪ੍ਰਬੰਧ ਕਰੇ।

ਇਹ ਵੀ ਪੜ੍ਹੋ- ਸ਼੍ਰੋਮਣੀ ਕਮੇਟੀ ਦੇ ਖਜ਼ਾਨੇ ਖਾਲੀ, ਲੌਂਗੋਵਾਲ ਨੇ ਕੈਪਟਨ ਨੂੰ ਕੀਤੀ ਗੁਰਦੁਆਰੇ ਖੋਲ੍ਹਣ ਦੀ ਅਪੀਲ
ਉਨ੍ਹਾਂ ਕਿਹਾ ਕਿ ਸਿੱਧੀ ਬਿਜਾਈ ਲਈ ਜ਼ਮੀਨ ਦੀ ਰੌਣੀ ਕਰਨ ਵਾਸਤੇ 25 ਮਈ ਤੋਂ ਬਿਜਲੀ ਸਪਲਾਈ ਵਿੱਚ ਵਾਧਾ ਕੀਤਾ ਜਾਵੇ, ਮੱਕੀ ਦੀ ਫਸਲ ਲਈ ਸਬਸਿਡੀ ਦਿੱਤੀ ਜਾਵੇ, ਮਗਨਰੇਗਾ ਕਾਮਿਆਂ ਰਾਹੀਂ ਰਜਵਾਹਿਆਂ ਦੀ ਸਫ਼ਾਈ ਕਰਵਾਈ ਜਾਵੇ, ਪਾਵਰਕੌਮ ਵਲੋਂ ਬਿਜਲੀ ਦੀਆਂ ਮਜ਼ਬੂਤ ਤਾਰਾਂ ਪਾਈਆਂ ਜਾਣ, ਵੀਡੀਐਸ ਸਕੀਮ ਵਿੱਚ ਮੋਟਰਾਂ ਵਾਸਤੇ ਵੱਡੇ ਟਰਾਂਸਫਾਰਮਰ ਜਲਦੀ ਦਿੱਤੇ ਜਾਣ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ