ਮਨਵੀਰ ਕੌਰ


ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਦਿੱਲੀ 'ਚ ਪਾਰਟੀ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ। ਕੈਪਟਨ ਦੀ ਮੁਲਾਕਾਤ ਤੋਂ ਬਾਅਦ ਦਿੱਲੀ ਤੋਂ ਵਾਪਸੀ ਮਗਰੋਂ ਮੰਤਰੀ ਮੰਡਲ ਦਾ ਵਿਸਥਾਰ ਲਗਪਗ ਤੈਅ ਮੰਨਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਪੁਰਾਣੇ ਮੰਤਰੀਆਂ ਦਾ ਵਿਭਾਗ ਵੀ ਬਦਲਿਆ ਜਾ ਸਕਦਾ ਹੈ। ਉਧਰ ਨਵੇਂ ਚਿਹਰਿਆਂ ਨੂੰ ਵੀ ਥਾਂ ਮਿਲ ਸਕਦੀ ਹੈ।

ਜੇਲ੍ਹ ਮੰਤਰੀ ਸੁਖਜ਼ਿੰਦਰ ਸਿੰਘ ਰੰਧਾਵਾ 'ਤੇ ਵਿਰੋਧੀ ਧਿਰ ਦੇ ਇਲਜ਼ਾਮਾਂ ਤੋਂ ਬਾਅਦ ਕੈਪਟਨ ਵੱਲੋਂ ਉਨ੍ਹਾਂ ਦੇ ਵਿਭਾਗ 'ਚ ਫੇਰਬਦਲ ਕੀਤਾ ਜਾ ਸਕਦਾ ਹੈ। ਉਧਰ ਖੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਵਿਭਾਗ ਵੀ ਬਦਲਿਆ ਜਾ ਸਕਦਾ ਹੈ। ਦੋ ਦਲਿਤ ਮੰਤਰੀਆਂ ਚਰਨਜੀਤ ਸਿੰਘ ਚੰਨੀ ਤੇ ਅਰੁਣਾ ਚੌਧਰੀ ਵਿੱਚੋਂ ਵੀ ਇੱਕ ਨੂੰ ਬਦਲਿਆ ਜਾ ਸਕਦਾ ਹੈ।

ਵਿਵਾਦਾਂ 'ਚ ਫਸੇ ਪੁਰਾਣੇ ਨੇਤਾ ਰਾਣਾ ਗੁਰਜੀਤ ਸਿੰਘ ਦੀ ਵੀ ਮੰਤਰੀ ਮੰਡਲ 'ਚ ਵਾਪਸੀ ਪੱਕੀ ਹੈ। ਸਪੀਕਰ ਕੇਪੀ ਸਿੰਘ ਵੀ ਮੰਤਰੀ ਮੰਡਲ 'ਚ ਲਏ ਜਾਣਗੇ। ਬ੍ਰਹਮ ਮਹਿੰਦਰਾ ਦਾ ਸਥਾਨਕ ਸਰਕਾਰ ਬਾਰੇ ਮੰਤਰੀ ਦਾ ਕਾਰਜਕਾਰ ਕਿਸੇ ਹੋਰ ਨੂੰ ਦਿੱਤਾ ਜਾ ਸਦਕਾ ਹੈ।

ਇਸ ਦੇ ਨਾਲ ਹੀ ਕੈਪਟਨ ਨੇ ਕਾਂਗਰਸ ਪ੍ਰਧਾਨ ਸੋਨੀਆ ਨਾਲ ਸੀਏਏ ਖਿਲਾਫ ਪੰਜਾਬ ਵਿਧਾਨ ਸਭਾ ਸੈਸ਼ਨ ਦੌਰਾਨ ਅਕਾਲੀ ਦਲ ਤੇ ਭਾਜਪਾ ਵੱਲੋਂ ਲਏ ਸਟੈਂਡ ਨੂੰ ਦਿੱਲੀ ਚੋਣਾਂ 'ਚ ਕਿਵੇਂ ਇਸਤੇਮਾਲ ਕੀਤਾ ਜਾ ਸਕਦਾ ਹੈ 'ਤੇ ਵੀ ਚਰਚਾ ਕੀਤੀ। ਸੋਨੀਆ ਨੇ ਕੈਪਟਨ ਨੂੰ ਹਦਾਇਤ ਕੀਤੀ ਹੈ ਕਿ ਨਾਗਰਿਕਤਾ ਕਾਨੂੰਨ ਨੂੰ ਲੈ ਕੇ ਪੰਜਾਬ ਵਿੱਚ ਲਹਿਰ ਉਸਾਰੀ ਜਾਵੇ ਕਿਉਂਕਿ ਇਹ ਬਹੁਤ ਨਾਜ਼ੁਕ ਮਸਲਾ ਹੈ।