ਚੰਡੀਗੜ੍ਹ: ਪਿਛਲੇ ਕੁਝ ਦਿਨਾਂ ਤੋਂ ਪੰਜਾਬ 'ਚ ਕੋਰੋਨਾ ਦੇ ਮਾਮਲਿਆਂ 'ਚ ਵੱਡਾ ਵਾਧਾ ਹੋਇਆ ਹੈ ਜਿਸ ਦਾ ਇੱਕ ਕਾਰਨ ਲੋਕਾਂ ਵੱਲੋਂ ਨਿਯਮਾਂ ਦੀ ਉਲੰਘਣਾ ਕਰਨਾ ਵੀ ਹੈ। ਹੁਣ ਲੋਕਾਂ ਦੀਆਂ ਅਜਿਹੀਆਂ ਹਰਕਤਾਂ ਤੋਂ ਦੁਖੀ ਹੋ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ 'ਆਸਕ ਕੈਪਟਨ' ਸੈਸ਼ਨ 'ਚ ਲੋਕਾਂ ਅੱਗੇ ਕਈ ਸਵਾਲ ਖੜ੍ਹੇ ਕੀਤੇ ਹਨ।


ਕੈਪਟਨ ਨੇ ਸ਼ਨੀਵਾਰ ਨੂੰ ਕੋਰੋਨਾਵਾਇਰਸ ਸੰਕਟ ਦੇ ਮੱਦੇਨਜ਼ਰ ਜਾਰੀ ਕੀਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸੂਬੇ ਦੀ ਸੁਰੱਖਿਆ ਲੋਕਾਂ ਦੇ ਹੱਥ ਵਿੱਚ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਲੋਕ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਤਾਂ ਸੂਬੇ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ।



ਸ਼ਨੀਵਾਰ ਨੂੰ 4900 ਚਲਾਨਾਂ ਦਾ ਜ਼ਿਕਰ ਕਰਦਿਆਂ, ਮੁੱਖ ਮੰਤਰੀ ਨੇ ਫੇਸਬੁੱਕ 'ਤੇ ਆਪਣੇ ਸੈਸ਼ਨ ਚ ਕਿਹਾ, 'ਕੀ ਤੁਸੀਂ ਆਪਣੇ ਪੰਜਾਬੀ ਸਾਥੀਆਂ ਦੀ ਚਿੰਤਾ ਨਹੀਂ ਕਰਦੇ? ਲੋਕਾਂ ਲਈ ਮਾਸਕ ਪਾਉਣਾ ਕਿਉਂ ਮੁਸ਼ਕਲ ਹੈ? ਉਨ੍ਹਾਂ ਨੂੰ ਹੱਥ ਧੋਣਾ ਤੇ ਜਨਤਕ ਥਾਵਾਂ 'ਤੇ ਨਾ ਥੁੱਕਣਾ ਮੁਸ਼ਕਲ ਕਿਉਂ ਲੱਗਦਾ ਹੈ?




ਇਸ ਦੌਰਾਨ ਮੁੱਖ ਮੰਤਰੀ ਨੇ ਕੋਰੋਨਾ ਤੋਂ ਠੀਕ ਹੋਏ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਪਲਾਜ਼ਮਾ ਦਾਨ ਕਰਨ। ਉਨ੍ਹਾਂ ਕਿਹਾ ਕਿ ਇਸ ਵੇਲੇ ਸੂਬੇ ਵਿੱਚ ਇੱਕ ਪਲਾਜ਼ਮਾ ਬੈਂਕ ਚੱਲ ਰਿਹਾ ਹੈ ਤੇ ਦੋ ਹੋਰ ਜਲਦੀ ਹੀ ਸ਼ੁਰੂ ਹੋਣ ਜਾ ਰਹੇ ਹਨ। ਸੀਐਮ ਸਿੰਘ ਨੇ ਕਿਹਾ, 'ਜੇ ਮੈਂ ਕੋਰੋਨਾ ਤੋਂ ਠੀਕ ਹੋਇਆ ਹੁੰਦਾ, ਤਾਂ ਪਲਾਜ਼ਮਾ ਦਾਨ ਕਰ ਦਿੰਦਾ।'