ਚੰਡੀਗੜ੍ਹ: ਕੈਪਟਨ ਸਰਕਾਰ ਕਿਸਾਨੀ ਸੰਘਰਸ਼ ਨੂੰ ਕਮਜ਼ੋਰ ਕਰਨ ਲਈ ਹਰ ਹੱਥ ਕੰਢਾ ਵਰਤ ਰਹੀ ਹੈ। ਕਾਂਗਰਸ ਵੱਲੋਂ ਕਿਸਾਨ ਅੰਦੋਲਨ ਦੇ ਬਰਾਬਰ ਉਸੇ ਦਿਨ ਹੀ ਆਪਣਾ ਕੋਈ ਪ੍ਰੋਗਰਾਮ ਦਿੱਤਾ ਜਾਂਦਾ ਹੈ ਤਾਂ ਜੋ ਕਿਸਾਨਾਂ ਵੱਲੋਂ ਦਿੱਤੇ ਗਏ ਸੰਘਰਸ਼ ਦੇ ਪ੍ਰੋਗਰਾਮ ਨੂੰ ਕਮਜ਼ੋਰ ਕੀਤਾ ਜਾ ਸਕੇ। ਇਹ ਇਲਜ਼ਾਮ ਆਮ ਆਦਮੀ ਪਾਰਟੀ ਨੇ ਲਗਾਏ ਹਨ। ਆਮ ਆਦਮੀ ਪਾਰਟੀ  ਪੰਜਾਬ ਦੇ ਸਹਿ ਇੰਚਾਰਜ ਅਤੇ ਦਿੱਲੀ ਦੇ ਵਿਧਾਇਕ ਰਾਵਘ ਚੱਢਾ ਅਤੇ ਪਾਰਟੀ ਦੇ ਪੰਜਾਬ ਦੇ ਯੂਥ ਵਿੰਗ ਦੇ ਪ੍ਰਧਾਨ ਅਤੇ ਵਿਧਾਇਕ ਮੀਤ ਹੇਅਰ ਨੇ ਕਿਹਾ ਕਿ ਖੇਤੀ ਪ੍ਰਧਾਨ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਮੋਦੀ ਸਰਕਾਰ ਦੀ ਬੋਲੀ ਬੋਲਦੇ ਹੋਏ ਕਿਸਾਨ ਅੰਦੋਲਨ 'ਚ ਸੇਵਾਦਾਰ ਬਣ ਕੇ ਕਾਰਜ ਕਰਨ ਵਾਲੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਿਰੁੱਧ ਝੂਠੀ ਅਤੇ ਨਿਰਆਧਾਰ ਬਿਆਨਬਾਜ਼ੀ ਕਰਕੇ ਨਿਸ਼ਾਨਾ ਬਣਾ ਰਹੇ ਹਨ।


ਉਨ੍ਹਾਂ ਕਿਹਾ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਲਈ ਕਾਲੇ ਕਾਨੂੰਨ ਲਿਆਉਣ ਵਿੱਚ ਉਨ੍ਹਾਂ ਦਾ ਸਾਥ ਦੇਣ ਅਤੇ ਕਿਸਾਨਾਂ ਦੀਆਂ ਜਾਇਜ਼ ਮੰਗਾਂ ਨੂੰ ਨਾ ਮੰਨਣ ਵਾਲੇ ਪ੍ਰਧਾਨ ਮੰਤਰੀ ਖਿਲਾਫ ਆਪਣੀ ਜ਼ੁਬਾਨ ਵੀ ਨਹੀਂ ਖੋਲ੍ਹ ਰਹੇ। ਰਾਘਵ ਚੱਢਾ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੀ ਅਰਵਿੰਦ ਕੇਜਰੀਵਾਲ ਦਾ ਇਹ ਦੋਸ਼ ਹੈ ਕਿ ਉਨ੍ਹਾਂ ਕਿਸਾਨਾਂ ਦਾ ਇਕ ਸੇਵਾਦਾਰ ਬਣਕੇ ਕਿਸਾਨ ਅੰਦੋਲਨ ਦਾ ਸਾਥ ਦਿੱਤਾ। ਕੀ ਕੇਜਰੀਵਾਲ ਦਾ ਇਹ ਦੋਸ਼ ਹੈ ਕਿ ਉਨ੍ਹਾਂ ਦਿੱਲੀ ਦੇ ਸਟੇਡੀਅਮਾਂ ਨੂੰ ਜੇਲ੍ਹਾਂ ਨਾ ਬਣਾਕੇ ਕਿਸਾਨਾਂ ਨੂੰ ਅੰਦਰ ਡੱਕਣ ਨਹੀਂ ਦਿੱਤਾ? ਜੇਕਰ ਕੈਪਟਨ ਸਾਹਿਬ ਨੂੰ ਕੇਜਰੀਵਾਲ ਵੱਲੋਂ ਕੀਤਾ ਗਿਆ ਇਹ ਕੰਮ ਦੋਸ਼ ਲਗਦਾ ਹੈ ਤਾਂ ਜੀਅ ਸਦਕੇ ਉਹ ਉਨ੍ਹਾਂ ਖਿਲਾਫ ਬੋਲਣ ਅਤੇ ਇਸ ਦਾ ਜਵਾਬ ਪੰਜਾਬ ਦੇ ਲੋਕ ਦੇਣਗੇ। ਆਮ ਆਦਮੀ ਪਾਰਟੀ ਕਿਸਾਨਾਂ ਦੇ ਨਾਲ ਡੱਟੀ ਹੋਈ ਹੈ ਅਤੇ ਡਟੀ ਰਹੇਗੀ।

ਕੋਰੋਨਾ ਵੈਕਸੀਨ ਦੇ ਆਉਂਦਿਆਂ ਹੀ ਕੇਜਰੀਵਾਲ ਦਾ ਵੱਡਾ ਐਲਾਨ, ਪਹਿਲੇ ਪੜਾਅ 'ਚ 51 ਲੱਖ ਲੋਕਾਂ ਨੂੰ ਲੱਗੇਗੀ ਵੈਕਸੀਨ

ਰਾਘਵ ਚੱਢਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸਵਾਲ ਕਰਦੇ ਹੋਏ ਪੁੱਛਿਆ ਕਿ ਹਾਈ ਪਾਵਰ ਕਮੇਟੀ ਦਾ ਮੈਂਬਰ ਹੁੰਦੇ ਹੋਏ ਅਜਿਹੇ ਕਾਲੇ ਕਾਨੂੰਨਾਂ ਉੱਤੇ ਸਹਿਮਤੀ ਕਿਉਂ ਦਿੱਤੀ? ਕੈਪਟਨ ਨੇ ਜਦੋਂ ਇਹ  ਕਾਨੂੰਨ ਬਣਾਉਣ ਦੀ ਗੱਲ ਹੋ ਰਹੀ ਤਾਂ ਪੰਜਾਬ ਦੇ ਲੋਕਾਂ ਨੂੰ ਅਗਾਊਂ ਜਾਣਕਾਰੀ ਕਿਉਂ ਨਹੀਂ ਦਿੱਤੀ? ਉਨ੍ਹਾਂ ਕਿਹਾ ਕਿ ਅਸਲ ਵਿੱਚ ਕੈਪਟਨ ਸਰਕਾਰ ਸੂਬੇ ਵਿੱਚ ਉਹ ਕੁਝ ਹੀ ਕਰ ਰਹੀ ਹੈ ਜੋ ਕੇਂਦਰ 'ਚ ਮੋਦੀ ਸਰਕਾਰ ਕਹਿੰਦੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਜੰਤਰ ਮੰਤਰ 'ਚ ਕਾਂਗਰਸੀ ਐਮ ਐਲ ਏ ਤੇ ਐਮ ਪੀ ਵੱਲੋਂ ਦਿੱਤਾ ਜਾ ਰਿਹਾ ਧਰਨਾ ਵੀ ਇਸ ਦੀ ਇਕ ਕੜੀ ਹੈ, ਜੋ ਕਿਸਾਨਾਂ ਦੇ ਬਰਾਬਰ ਧਰਨਾ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਕਦੇ ਵੀ ਆਪਣਾ ਕੋਈ ਪ੍ਰੋਗਰਾਮ ਨਹੀਂ ਦਿੱਤਾ ਸਗੋਂ ਕਿਸਾਨਾਂ ਦੇ ਦਿੱਤੇ ਗਏ ਪ੍ਰੋਗਰਾਮ ਨੂੰ ਹੀ ਕਾਮਯਾਬ ਕਰਨ ਲਈ ਕੰਮ ਕਰਦੀ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ