ਅੰਮ੍ਰਿਤਸਰ: ਕਾਂਗਰਸ ਵਿੱਚ ਸ਼ੁਰੂ ਹੋਏ ਕਲੇਸ਼ 'ਤੇ ਅਕਾਲੀ ਦਲ ਨੇ ਵੱਡਾ ਦਾਅਵਾ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਪ੍ਰੋ. ਵਿਰਸਾ ਸਿੰਘ ਵਲਟੋਹਾ ਨੇ ਆਖਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਇੰਨੇ ਸੌਖੇ ਕੁਰਸੀ ਨਹੀਂ ਛੱਡਦੇ। ਜੇ ਕੈਪਟਨ ਨੂੰ ਕੁਰਸੀ ਜਾਂਦੀ ਲੱਗੀ ਤਾਂ ਉਹ ਵਿਧਾਨ ਸਭਾ ਹੀ ਭੰਗ ਕਰ ਦੇਣਗੇ।


 


ਵਲਟੋਹਾ ਨੇ ਕਿਹਾ ਕਿ ਬੇਅਦਬੀ ਤੇ ਗੋਲੀਕਾਂਡ ਦੀਆਂ ਘਟਨਾਵਾਂ ਸਭ ਤੋਂ ਵੱਧ ਜੇਕਰ ਕਿਸੇ ਨੂੰ ਰਾਸ ਆਈਆਂ ਤਾਂ ਉਹ ਕਾਂਗਰਸ ਪਾਰਟੀ ਸੀ। ਕਾਂਗਰਸ ਨੇ ਇਨ੍ਹਾਂ ਘਟਨਾਵਾਂ ਦੇ ਸਹਾਰੇ ਬੰਪਰ ਜਿੱਤ ਪ੍ਰਾਪਤ ਕੀਤੀ। ਉਨ੍ਹਾਂ ਕਿਹਾ ਕਿ ਕੈਪਟਨ ਪਿਛਲੇ ਸਾਢੇ ਚਾਰ ਸਾਲਾਂ 'ਚ ਹਰ ਫਰੰਟ 'ਤੇ ਫੇਲ੍ਹ ਹੋਏ ਹਨ ਤੇ ਨਾਲ ਹੀ ਬੇਅਦਬੀ ਤੇ ਗੋਲੀਕਾਂਡ ਦੇ ਮਸਲੇ 'ਤੇ ਇਨਸਾਫ ਦੇਣ ਦੀ ਬਜਾਏ ਰਾਜਨੀਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਕੱਲੇ ਕੈਪਟਨ ਹੀ ਨਹੀਂ ਸਗੋਂ ਜੋ ਅੱਜ ਬਿਆਨ ਦੇ ਰਹੇ ਲੀਡਰ ਭਾਵੇਂ ਉਹ ਜਾਖੜ, ਸਿੱਧੂ ਤੇ ਸੁੱਖੀ ਰੰਧਾਵਾ ਹੋਣ, ਸਾਰੇ ਬਰਾਬਰ ਦੇ ਜਿੰਮੇਵਾਰ ਹਨ।


 


ਵਲਟੋਹਾ ਨੇ ਕਿਹਾ ਕਿ ਸਾਰੇ ਉਕਤ ਲੀਡਰ ਚਾਹੁੰਦੇ ਸੀ ਕਿ ਅਜਿਹੀ ਜਾਂਚ ਹੋਵੇ ਜਿਸ 'ਚ ਬਾਦਲ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਜਾਵੇ। ਸਾਰਿਆਂ ਨੂੰ ਪਤਾ ਹੈ ਕਿ ਕੁੰਵਰ ਵਿਜੇ ਪ੍ਰਤਾਪ ਨਵਜੋਤ ਸਿੱਧੂ ਦੇ ਕਰੀਬੀ ਹਨ। ਉਨ੍ਹਾਂ ਕਿਹਾ ਕਿ ਹਾਈਕੋਰਟ ਨੇ ਤਾਂ ਸਾਫ ਕਹਿ ਦਿੱਤਾ ਹੈ ਕਿ ਇਹ ਜਾਂਚ ਬੇਤੁਕੀ ਹੈ ਤੇ ਨਿਰਪੱਖ ਨਹੀਂ। ਇਹ ਇੱਕ ਵਿਸ਼ੇਸ਼ ਪਾਰਟੀ ਨੂੰ ਨਿਸ਼ਾਨਾ ਬਣਾਉਣ ਲਈ ਕੀਤੀ ਗਈ ਸੀ।


 


ਨਵਜੋਤ ਸਿੱਧੂ ਇਹ ਚਾਹੁੰਦੇ ਹਨ ਕਿ ਜਿਵੇਂ 2017 'ਚ ਇਸ ਮੁੱਦੇ 'ਤੇ ਕਾਂਗਰਸ ਨੇ ਸਰਕਾਰ ਬਣਾਈ, ਉਸੇ ਤਰ੍ਹਾਂ ਹੁਣ ਸਾਰਾ ਭਾਂਡਾ ਕੈਪਟਨ ਅਮਰਿੰਦਰ 'ਤੇ ਭੰਨ੍ਹ ਕੇ 2022 'ਚ ਸਰਕਾਰ ਬਣਾ ਲਈ ਜਾਵੇ ਪਰ ਅਜਿਹਾ ਪੰਜਾਬ ਦੇ ਲੋਕ ਨਹੀਂ ਹੋਣ ਦੇਣਗੇ।


 


 

 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin
https://apps.apple.com/in/app/abp-live-news/id811114904