ਅੰਮ੍ਰਿਤਸਰ: ਰੈਫਰੈਂਡਮ 2020 ਦੀਆਂ ਸਰਗਰਮੀਆਂ ਤੇਜ਼ ਹੋਣ ਤੋਂ ਬਾਅਦ UAPA ਤਹਿਤ ਪੰਜਾਬ ਦੇ ਕਈ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕੀਤੇ ਗਏ ਹਨ। ਇਸ ਦੇ ਵਿਰੋਧ 'ਚ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸੁਖਪਾਲ ਖਹਿਰਾ ਲਗਾਤਾਰ ਆਵਾਜ਼ ਉਠਾ ਰਹੇ ਹਨ। ਖਹਿਰਾ ਵੱਲੋਂ ਅੱਜ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਉਨ੍ਹਾਂ ਪਰਿਵਾਰਾਂ ਨਾਲ ਮਿਲ ਕੇ ਮੈਮੋਰੰਡਮ ਦਿੱਤਾ ਗਿਆ ਜਿਨ੍ਹਾਂ ਨੌਜਵਾਨਾਂ 'ਤੇ UAPA ਤਹਿਤ ਕੇਸ ਦਰਜ ਕੀਤੇ ਗਏ ਹਨ।

ਖਹਿਰਾ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ UAPA ਜਿਹੇ ਕਾਨੂੰਨ ਦੀ ਸਿੱਖ ਨੌਜਵਾਨਾਂ ਖ਼ਿਲਾਫ਼ ਦੁਰਵਰਤੋਂ ਹੋ ਰਹੀ ਹੈ ਤੇ 16 ਦੇ ਕਰੀਬ ਸਿੱਖ ਨੌਜਵਾਨਾਂ 'ਤੇ ਇਸ ਕਾਨੂੰਨ ਤਹਿਤ ਕੇਸ ਦਰਜ ਕੀਤੇ ਗਏ ਹਨ ਜਿਨ੍ਹਾਂ ਵਿੱਚ ਜ਼ਿਆਦਾਤਰ ਦਲਿਤ ਨੌਜਵਾਨ ਹਨ। ਖਹਿਰਾ ਨੇ ਕਿਹਾ ਪਿਛਲੇ ਦਿਨੀ ਐਨਆਈਏ ਵੱਲੋਂ ਇੱਕ ਲਵਪ੍ਰੀਤ ਨਾਮਕ ਨੌਜਵਾਨ ਨੂੰ ਚੰਡੀਗੜ੍ਹ ਵਿੱਚ ਪੁੱਛਗਿੱਛ ਲਈ ਬੁਲਾਇਆ। ਉੱਥੇ ਪਤਾ ਨਹੀਂ ਕਿਸ ਤਰ੍ਹਾਂ ਦੀ ਪੁੱਛਗਿੱਛ ਉਸ ਨੌਜਵਾਨ ਤੋਂ ਕੀਤੀ ਗਈ, ਜਿਸ ਤੋਂ ਬਾਅਦ ਉਸ ਨੇ ਮੁਹਾਲੀ ਦੇ ਅੰਬ ਸਾਹਿਬ ਗੁਰਦੁਆਰਾ ਵਿਖੇ ਖ਼ੁਦਕੁਸ਼ੀ ਕਰ ਲਈ।

ਹਾਲਾਂਕਿ ਪੀੜਤ ਪਰਿਵਾਰ ਦਾ ਇਹ ਕਹਿਣਾ ਹੈ ਕਿ ਲਵਪ੍ਰੀਤ ਦਾ ਕਤਲ ਹੋਇਆ ਹੈ। ਉਨ੍ਹਾਂ ਕਿਹਾ UAPA ਕਾਨੂੰਨ ਹਥਿਆਰਬੰਦ ਲੜਾਈ ਲੜਨ ਵਾਲੇ ਲੋਕਾਂ ਦੇ ਖ਼ਿਲਾਫ਼ ਲਾਗੂ ਕੀਤਾ ਜਾਂਦਾ ਹੈ ਪਰ ਹੁਣ ਬੇਕਸੂਰ ਸਿੱਖ ਨੌਜਵਾਨਾਂ 'ਤੇ ਸਿੱਖ ਫ਼ਾਰ ਜਸਟਿਸ ਦੇ ਨਾਲ ਸਬੰਧ ਹੋਣ 'ਤੇ ਕੇਸ ਦਰਜ ਕੀਤੇ ਜਾ ਰਹੇ ਹਨ ਜੋ ਮੰਦਭਾਗੇ ਹਨ।

ਕਿਸਾਨਾਂ ਨੇ ਟਰੈਕਟਰਾਂ ਨਾਲ ਘੇਰੀ ਸਰਕਾਰ, ਬੋਲੇ, ਕੋਰੋਨਾ ਦਾ ਫਾਇਦਾ ਚੁੱਕ ਰਹੀ ਮੋਦੀ ਸਰਕਾਰ

ਉਧਰ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ  ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਮਾਹੌਲ ਨੂੰ ਖੌਫ਼ਜ਼ਦਾ ਕੀਤਾ ਜਾ ਰਿਹਾ ਹੈ ਤੇ ਜੇਕਰ ਨੌਜਵਾਨਾਂ ਨੇ ਛੋਟੀਆਂ ਗ਼ਲਤੀਆਂ ਕੀਤੀਆਂ ਹਨ ਤਾਂ ਉਨ੍ਹਾਂ ਦੀ ਜ਼ਿੰਦਗੀ ਬਰਬਾਦ ਨਹੀਂ ਕਰਨੀ ਚਾਹੀਦੀ। ਐਸਜੀਪੀਸੀ ਨੂੰ ਆਦੇਸ਼ ਦਿੱਤੇ ਗਏ ਹਨ ਕਿ ਇਨ੍ਹਾਂ ਨੌਜਵਾਨਾਂ ਦੇ ਕੇਸਾਂ ਦੀ ਕਾਨੂੰਨੀ ਪੈਰਵੀ ਕਰੇ। ਇਕ ਨੌਜਵਾਨ ਵੱਲੋਂ ਖ਼ੁਦਕੁਸ਼ੀ ਕਰਨਾ ਵੀ ਮੰਦਭਾਗਾ ਹੈ ਤੇ ਸਰਕਾਰ ਨੂੰ ਇਸ ਦੀ ਜੁਡੀਸ਼ੀਅਲ ਜਾਂਚ ਕਰਵਾਉਣੀ ਚਾਹੀਦੀ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ