ਨਵੀਂ ਦਿੱਲੀ: ਕਿਸਾਨ ਉਤਪਾਦਕ ਸੰਗਠਨ (ਐਫਪੀਓ) ਜ਼ਰੀਏ ਦੇਸ਼ ਦੇ ਪਿੰਡਾਂ ਦੀ ਅਰਥ ਵਿਵਸਥਾ ਨੂੰ ਮਜ਼ਬੂਤ ਕਰਨ ਲਈ ਸਰਕਾਰ ਨੇ ਅਗਲੇ ਪੰਜ ਸਾਲ 'ਚ 10,000 ਨਵੇਂ ਐਫਪੀਓ ਬਣਾਉਣ ਦੀ ਯੋਜਨਾ ਨੂੰ ਮਨਜ਼ੂਰੀ ਦਿੱਤੀ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ 'ਚ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ ਨੇ ਕੇਂਦਰ ਸਰਕਾਰ ਦੀ ਨਵੀਂ ਯੋਜਨਾ ਐਫਪੀਓ ਦੇ ਗਠਨ ਤੇ ਪ੍ਰਚਾਰ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤਹਿਤ ਦੇਸ਼ 'ਚ 10,000 ਨਵੇਂ ਐਫਪੀਓ ਬਣਾਏ ਜਾਣਗੇ।

ਇਸ ਲਈ ਇਸ ਸਮੇਂ 'ਚ 4,496 ਕਰੋੜ ਰੁਪਏ ਦੇ ਬਜਟ ਦਾ ਪ੍ਰਬੰਧ ਕੀਤਾ ਗਿਆ ਹੈ। ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ, ਐਫਪੀਓ ਬਣਨ ਨਾਲ ਕਿਸਾਨਾਂ ਦੀ ਸਮੂਹਿਕ ਸ਼ਕਤੀ ਵਧੇਗੀ, ਜਿਸ ਨਾਲ ਉਨ੍ਹਾਂ ਲਈ ਮਿਆਰੀ ਖੇਤੀਬਾੜੀ ਲਾਗਤਾਂ, ਟੈਕਨੋਲੋਜੀ ਤੇ ਕਰਜ਼ੇ ਪ੍ਰਾਪਤ ਕਰਨਾ ਸੌਖਾ ਹੋਵੇਗਾ ਤੇ ਬਾਜ਼ਾਰ 'ਚ ਉਨ੍ਹਾਂ ਦੀ ਪਹੁੰਚ ਆਸਾਨ ਹੋਵੇਗੀ ਜਿਸ ਨਾਲ ਉਨ੍ਹਾਂ ਦੀ ਆਮਦਨ 'ਚ ਵੀ ਇਜ਼ਾਫਾ ਹੋਵੇਗਾ।