ਨਵੀਂ ਦਿੱਲੀ: ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜ੍ਹੂਨੀ ਨੇ ਕਿਸਾਨ ਅੰਦੋਲਨ ’ਚ ਸ਼ਾਮਲ ਮੱਧ ਪ੍ਰਦੇਸ਼ ਦੇ ਕਿਸਾਨ ਲੀਡਰ ਸ਼ਿਵ ਕੁਮਾਰ ਕੱਕਾ ਨੂੰ ਆਰਐਸਐਸ ਦਾ ਏਜੰਟ ਦੱਸਿਆ ਹੈ। ਚੜੂਨੀ ਨੇ ਕਿਹਾ ਕਿ ਸ਼ਿਵ ਕੁਮਾਰ ਕੱਕਾ ਜਥੇਬੰਦੀਆਂ ਵਿੱਚ ਪਾੜ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਕੱਕਾ ਨੇ ਹੀ 10 ਕਰੋੜ ਲੈਣ ਦੇ ਇਲਜ਼ਾਮ ਲਾਏ ਹਨ। ਇਸ ਤਰ੍ਹਾਂ ਦੀਆਂ ਗੱਲਾਂ ਸਿਰਫ਼ ਅਫ਼ਵਾਹ ਹਨ। ਅੰਦੋਲਨ ਗ਼ੈਰ ਸਿਆਸੀ ਹੀ ਰਹੇਗਾ।


ਸਿਆਸੀ ਪਾਰਟੀਆਂ ਨਾਲ ਮੀਟਿੰਗ ਬਾਰੇ ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ‘ਜਨ ਸੰਸਦ’ ਬੁਲਾ ਕੇ ਆਵਾਜ਼ ਉਠਾਉਣ ਲਈ ਸੰਪਰਕ ਕਰਨ ਵਾਸਤੇ ਸਮਾਜ ਸੇਵਕਾਂ ਦੀ ਕਮੇਟੀ ਬਣੀ, ਜਿਸ ਵਿੱਚ ਮੈਨੂੰ ਵੀ ਸ਼ਾਮਲ ਕੀਤਾ ਗਿਆ। ਸੰਯੁਕਤ ਕਿਸਾਨ ਮੋਰਚਾ ਨੇ ਕਿਹਾ ਹੈ ਕਿ ਉਸ ਦਾ ਚੜੂਨੀ ਵੱਲੋਂ ਸੱਦੀ ਸਾਰੀਆਂ ਸਿਆਸੀ ਪਾਰਟੀਆਂ ਦੀ ਮੀਟਿੰਗ ਨਾਲ ਕੋਈ ਸਬੰਧ ਨਹੀਂ।




ਦੱਸ ਦਈਏ ਕਿ ਕਿਸਾਨਾਂ ਦੇ ਅੰਦੋਲਨ ’ਚ ਵਿਰੋਧੀ ਧਿਰ ਦਾ ਸਾਥ ਲੈਣ ਦੇ ਮੁੱਦੇ ’ਤੇ ‘ਸੰਯੁਕਤ ਕਿਸਾਨ ਮੋਰਚਾ’ ਵਿੱਚ ਵਿਵਾਦ ਖੜ੍ਹਾ ਹੋ ਗਿਆ ਹੈ। ਇਸ ਵਿਵਾਦ ਦੀ ਸ਼ੁਰੂਆਤ ਹਰਿਆਣਾ ਦੇ ਵੱਡੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਵੱਲੋਂ ਭਲਕੇ ਦਿੱਲੀ ਦੇ ਕੰਸਟੀਚਿਊਸ਼ਨ ਕਲੱਬ ’ਚ ਸੱਦੀ ਗਈ ਮੀਟਿੰਗ ਤੋਂ ਹੋਈ ਹੈ।


ਇਸ ਮੀਟਿੰਗ ਵਿੱਚ ਕਾਂਗਰਸੀ ਆਗੂ ਦਿਗਵਿਜੇ ਸਿੰਘ ਤੇ ਉਦਿਤ ਰਾਜ ਸਮੇਤ ਆਮ ਆਦਮੀ ਪਾਰਟੀ ਤੇ ਅਕਾਲੀ ਦਲ (ਡੈਮੋਕ੍ਰੈਟਿਕ) ਦੇ ਆਗੂ ਵੀ ਸ਼ਾਮਲ ਹੋਏ। ਚੜੂਨੀ ਉੱਤੇ ਦੋਸ਼ ਹੈ ਕਿ ਉਨ੍ਹਾਂ ਕਿਸਾਨ ਅੰਦੋਲਨ ’ਚ ਸਿਆਸੀ ਪਾਰਟੀਆਂ ਤੋਂ ਹਮਾਇਤ ਮੰਗੀ; ਜਿਸ ਤੋਂ ਸੰਯੁਕਤ ਕਿਸਾਨ ਮੋਰਚਾ ਨਾਰਾਜ਼ ਹੈ। ਸੰਯੁਕਤ ਕਿਸਾਨ ਮੋਰਚਾ ਨੇ ਚੜੂਨੀ ਵਿਰੁੱਧ ਅਨੁਸ਼ਾਸਨੀ ਕਾਰਵਾਈ ਲਈ ਕਮੇਟੀ ਬਣਾ ਦਿੱਤੀ ਹੈ।