ਗੁਰਦਾਸਪੁਰ: ਬਟਾਲਾ ਕਰ ਤੇ ਆਬਕਾਰੀ ਵਿਭਾਗ ਨੇ ਭਾਰੀ ਮਾਤਰਾ ਵਿੱਚ ਚੰਡੀਗੜ੍ਹ ਦੀ ਬਣੀ ਸ਼ਰਾਬ ਬਰਾਮਦ ਕੀਤੀ ਹੈ। ਇਹ ਸ਼ਰਾਬ ਬਟਾਲਾ ਦੇ ਪਿੰਡ ਅਲੋਵਾਲ ਰੇਲਵੇ ਲਾਈਨ ਕ੍ਰੌਸ ਕਰਦੇ ਹੀ ਖਾਲੀ ਪਲਾਟ ਵਿੱਚ 29 ਪੇਟੀਆਂ ਨਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ। ਸ਼ਰਾਬ ਤਸਕਰ ਅਕਸਰ ਹੀ ਚੰਡੀਗੜ੍ਹ ਤੋਂ ਸਸਤੀ ਸ਼ਰਾਬ ਲਿਆ ਕੇ ਬਟਾਲਾ ਸ਼ਹਿਰ ਤੇ ਆਲੇ-ਦੁਆਲੇ ਦੇ ਪਿੰਡਾਂ ਵਿੱਚ ਸਪਲਾਈ ਕਰਦੇ ਹਨ।
ਪਿਛਲੇ ਕੁਝ ਦਿਨਾਂ ਵਿੱਚ ਬਟਾਲਾ ਪੁਲਿਸ ਤੇ ਐਕਸਾਈਜ਼ ਵਿਭਾਗ ਨੇ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਬਾਹਰਲੇ ਇਲਾਕਿਆਂ ਤੋਂ ਨਜਾਇਜ਼ ਸ਼ਰਾਬ ਆਉਣ ਕਰਕੇ ਸ਼ਰਾਬ ਠੇਕੇਦਾਰਾਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਐਕਸਾਈਜ਼ ਵਿਭਾਗ ਦੇ ਈਟੀਓ ਰਾਜਿੰਦਰ ਪੰਵਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਭਾਰੀ ਮਾਤਰਾ ਵਿੱਚ ਚੰਡੀਗੜ੍ਹ ਦੀ ਬਣੀ ਨੈਣਾਂ, ਯੂਕੇ ਨੰਬਰ-1 ਤੇ ਟ੍ਰਿਪਲ-1 ਤਿੰਨ ਬਰਾਂਡਾ ਦੀ ਨਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ।
ਚੰਡੀਗੜ੍ਹ ਤੋਂ ਸ਼ਰਾਬ ਲਿਆਉਣ ਦਾ ਇੱਕੋ-ਇੱਕ ਮਕਸਦ ਹੈ ਸਸਤੀ ਸ਼ਰਾਬ। ਸ਼ਰਾਬ ਤਸਕਰ ਚੰਡੀਗੜ੍ਹ ਤੋਂ ਸਸਤੀ ਸ਼ਰਾਬ ਲਿਆ ਕੇ ਬਟਾਲਾ ਤੇ ਆਲੇ-ਦੁਆਲੇ ਦੇ ਪਿੰਡਾਂ ਵਿੱਚ ਸਸਤੇ ਰੇਟ 'ਤੇ ਸਪਲਾਈ ਕਰਦੇ ਹਨ। ਇਸ ਦੇ ਨਾਲ ਇਲਾਕੇ ਦੇ ਸ਼ਰਾਬ ਠੇਕੇਦਾਰਾਂ ਨੂੰ ਭਾਰੀ ਨੁਕਸਾਨ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਐਕਸਾਈਜ਼ ਵਿਭਾਗ ਪੁਰੀ ਤਰ੍ਹਾਂ ਚੌਕਸ ਹੈ ਤੇ ਬਾਹਰੀ ਇਲਾਕੇ ਦੀ ਨਜਾਇਜ਼ ਸ਼ਰਾਬ ਨਹੀਂ ਸਪਲਾਈ ਹੋਣ ਦਿੱਤੀ ਜਾਵੇਗੀ।
ਸ਼ਰਾਬ ਦੇ ਠੇਕੇਦਾਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਬਾਹਰੀ ਨਜਾਇਜ ਸ਼ਰਾਬ ਆਣ ਕਰਕੇ ਇਲਾਕੇ ਦੇ ਸ਼ਰਾਬ ਠੇਕੇਦਾਰਾਂ ਨੂੰ ਭਾਰੀ ਆਰਥਿਕ ਨੁਕਸਾਨ ਹੁੰਦਾ ਹੈ। ਸ਼ਰਾਬ ਤਸਕਰ ਅਕਸਰ ਹੀ ਬਟਾਲਾ ਦੇ ਬਾਹਰੋਂ ਨਜਾਇਜ ਸ਼ਰਾਬ ਲਿਆ ਕੇ ਸਸਤੀ ਸ਼ਰਾਬ ਵੇਚਦੇ ਹਨ। ਹੁਣ ਵੀ ਐਕਸਾਈਜ਼ ਵਿਭਾਗ ਨੇ ਬਟਾਲਾ ਦੇ ਪਿੰਡ ਅਲੋਵਾਲ ਦੇ ਖਾਲੀ ਪਲਾਟ ਵਿੱਚੋਂ ਚੰਡੀਗੜ੍ਹ ਦੀ ਬਣੀ ਸ਼ਰਾਬ ਦੀਆਂ 29 ਪੇਟੀਆਂ ਬਰਾਮਦ ਕੀਤੀਆਂ ਹਨ। ਜੇਕਰ ਇਸ ਦਾ ਹਿਸਾਬ ਲਾਇਆ ਜਾਵੇ ਤਾਂ ਢਾਈ ਤੋਂ ਤਿੰਨ ਲੱਖ ਰੁਪਏ ਦਾ ਨੁਕਸਾਨ ਹੋ ਸਕਦਾ ਸੀ।