ਨਵੀਂ ਦਿੱਲੀ: ਦੇਸ਼ 'ਚ ਇਕ ਪਾਸੇ ਕੋਰੋਨਾਵਾਇਰਸ ਤੇ ਦੂਜੇ ਪਾਸੇ ਵੱਧ ਰਹੀ ਮਹਿੰਗਾਈ ਨੇ ਲੋਕਾਂ ਦੀ ਜ਼ਿੰਦਗੀ ਮੁਸ਼ਕਲ ਬਣਾ ਦਿੱਤੀ ਹੈ। ਕੌਮੀ ਅੰਕੜਾ ਦਫ਼ਤਰ (ਐਨਐਸਓ) ਦੇ ਅੰਕੜਿਆਂ ਅਨੁਸਾਰ ਖਾਣ ਵਾਲੇ ਤੇਲ, ਫਲਾਂ, ਅੰਡਿਆਂ ਵਰਗੀਆਂ ਖੁਰਾਕੀ ਵਸਤਾਂ ਦੀਆਂ ਕੀਮਤਾਂ 'ਚ ਵਾਧੇ ਕਾਰਨ ਪ੍ਰਚੂਨ ਮਹਿੰਗਾਈ ਮਈ ਵਿੱਚ 6 ਮਹੀਨੇ ਦੇ ਉੱਚੇ ਪੱਧਰ 6.3 ਫ਼ੀਸਦੀ 'ਤੇ ਪਹੁੰਚ ਗਈ। ਅਪ੍ਰੈਲ 'ਚ ਮਹਿੰਗਾਈ ਦਰ 4.23% ਸੀ। ਮਈ 'ਚ ਖੁਰਾਕੀ ਵਸਤਾਂ ਦੀ ਮਹਿੰਗਾਈ ਦਰ 5.01% ਸੀ।

 

ਲਗਾਤਾਰ ਪੰਜ ਮਹੀਨਿਆਂ ਤੋਂ ਵੱਧ ਰਹੀ ਹੈ ਥੋਕ ਮਹਿੰਗਾਈ

ਥੋਕ ਕੀਮਤ ਸੂਚਕਾਂਕ 'ਤੇ ਅਧਾਰਤ ਮਹਿੰਗਾਈ ਵੀ ਮਈ 'ਚ ਵੱਧ ਕੇ 12.94 ਫ਼ੀਸਦੀ ਹੋ ਗਈ ਹੈ। ਇਸ ਦਾ ਕਾਰਨ ਪਿਛਲੇ ਸਾਲ ਕੋਵਿਡ-19 'ਲੌਕਡਾਊਨ' ਕਾਰਨ ਕੱਚੇ ਤੇਲ, ਨਿਰਮਿਤ ਚੀਜ਼ਾਂ ਦੀਆਂ ਕੀਮਤਾਂ 'ਚ ਵਾਧਾ ਤੇ ਤੁਲਨਾਤਮਕ ਅਧਾਰ ਦਾ ਕਮਜ਼ੋਰ ਹੋਣਾ ਹੈ।

 

ਇਸ ਤੋਂ ਪਹਿਲਾਂ ਨਵੰਬਰ 2020 'ਚ ਪ੍ਰਚੂਨ ਮਹਿੰਗਾਈ ਦੀ ਸਭ ਤੋਂ ਉੱਚੀ ਦਰ 6.93 ਫ਼ੀਸਦੀ ਸੀ। ਮਈ 2020 'ਚ ਥੋਕ ਮੁਦਰਾ ਸਫ਼ੀਤੀ 0 ਤੋਂ ਹੇਠਾਂ 3.7 ਫ਼ੀਸਦੀ ਸੀ, ਜਦਕਿ ਅਪ੍ਰੈਲ 2021 'ਚ ਇਹ ਦੋਹਰੇ ਅੰਕ 10.49% 'ਤੇ ਪਹੁੰਚ ਗਈ। ਇਹ ਲਗਾਤਾਰ 5ਵਾਂ ਮਹੀਨਾ, ਜਦੋਂ ਥੋਕ ਮਹਿੰਗਾਈ ਦਰ 'ਚ ਵਾਧਾ ਹੋਇਆ ਹੈ।

 

ਅਪ੍ਰੈਲ-ਮਈ 2021 ਵਿਚਕਾਰ ਕਿਹੜੀਆਂ ਚੀਜ਼ਾਂ ਦੀਆਂ ਕੀਮਤਾਂ 'ਚ ਵਾਧਾ ਹੋਇਆ?


-ਬਾਲਣ ਦੇ ਤੇਲ ਦੀਆਂ ਕੀਮਤਾਂ 'ਚ 38 ਫ਼ੀਸਦੀ ਵਾਧਾ ਹੋਇਆ
-ਦਾਲਾਂ ਦੀਆਂ ਕੀਮਤਾਂ 'ਚ 10 ਫ਼ੀਸਦੀ ਵਾਧਾ ਹੋਇਆ
-ਖਾਣ ਵਾਲੇ ਤੇਲ ਦੀ ਕੀਮਤ 'ਚ 30 ਫ਼ੀਸਦੀ ਦਾ ਵਾਧਾ ਹੋਇਆ
-ਫਲਾਂ ਦੀਆਂ ਕੀਮਤਾਂ 'ਚ 12% ਵਾਧਾ ਹੋਇਆ
-ਅੰਡੇ ਤੇ ਸਾਫ਼ਟ ਡਰਿੰਕ 15% ਮਹਿੰਗੇ ਹੋਏ

 

ਮਾਸ ਤੇ ਮੱਛੀ, ਅੰਡੇ, ਫਲ, ਦਾਲਾਂ ਅਤੇ ਇਸ ਦੇ ਉਤਪਾਦਾਂ ਦੀਆਂ ਕੀਮਤਾਂ ਲੜੀਵਾਰ 9.03%, 15.16%, 11.89% ਅਤੇ 9.39% ਦੇ ਵਾਧੇ ਨਾਲ ਸਾਲਾਨਾ ਅਧਾਰ 'ਤੇ ਹਨ। ਬਾਲਣ ਅਤੇ ਬਿਜਲੀ ਸ਼੍ਰੇਣੀ 'ਚ ਮਹਿੰਗਾਈ 11.58 ਫ਼ੀਸਦੀ ਹੋ ਗਈ ਹੈ। ਕੀਮਤਾਂ 'ਚ ਵਾਧੇ ਨਾਲ ਮਈ 'ਚ ਡਬਲਿਯੂਪੀਆਈ ਮੁਦਰਾ ਸਫੀਤੀ ਮਈ 'ਚ ਵੱਧ ਕੇ 37.61 ਫ਼ੀਸਦੀ ਹੋ ਗਈ, ਜੋ ਅਪ੍ਰੈਲ 'ਚ 20.94 ਫ਼ੀਸਦੀ ਸੀ।

 

ਪਿਆਜ਼ ਦੀ ਕੀਮਤ 'ਚ ਵਾਧਾ
ਨਿਰਮਿਤ ਉਤਪਾਦਾਂ ਦੇ ਮਾਮਲੇ 'ਚ ਥੋਕ ਮਹਿੰਗਾਈ ਦਰ ਮਈ 'ਚ 10.8% ਰਹੀ ਜੋ ਪਿਛਲੇ ਮਹੀਨੇ 9.01% ਸੀ। ਹਾਲਾਂਕਿ ਖੁਰਾਕੀ ਵਸਤਾਂ ਦੇ ਮਾਮਲੇ ਵਿੱਚ ਮਈ 'ਚ ਥੋਕ ਮਹਿੰਗਾਈ ਮਾਮੂਲੀ ਗਿਰਾਵਟ ਨਾਲ 4.31% 'ਤੇ ਆ ਗਈ। ਪਿਆਜ਼ ਦੀ ਕੀਮਤ 'ਚ ਵਾਧਾ ਹੋਇਆ ਹੈ। ਮਈ 'ਚ ਪਿਆਜ਼ ਦੀਆਂ ਕੀਮਤਾਂ ਵਿੱਚ 23.24% ਦਾ ਵਾਧਾ ਹੋਇਆ ਹੈ, ਜਦੋਂਕਿ ਅਪਰੈਲ 'ਚ ਇਹ 19.72% ਘਟੀ ਹੈ।