ਲਖਨਊ: ਖੇਡਦੇ ਸਮੇਂ ਬੱਚੇ ਕਈ ਵਾਰ ਕਿਸੇ ਗੰਭੀਰ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ। ਅਜਿਹੀ ਇੱਕ ਘਟਨਾ ਯੂਪੀ ਦੇ ਪਿੰਡ 'ਚ ਵਾਪਰੀ। ਜਿੱਥੇ ਦੇਵਰਿਆ ਜ਼ਿਲ੍ਹੇ 'ਚ ਪੈਂਦੇ ਪਿੰਡ ਬੌੜੀ ਤਿਵਾਰੀ 'ਚ ਇੱਕ ਬੱਚੇ ਦੇ ਮੂੰਹ 'ਚ ਸਰੀਆ ਆਰ-ਪਾਰ ਹੋ ਗਿਆ। ਇਹ ਬੱਚਾ ਆਪਣੇ ਸਾਥੀਆਂ ਨਾਲ ਉਸਾਰੀ ਅਧੀਨ ਮਕਾਨ ਦੀ ਛੱਤ 'ਤੇ ਖੇਡ ਰਿਹਾ ਸੀ ਤਾਂ ਅਚਾਨਕ ਪਿਲਰ 'ਤੇ ਡਿੱਗ ਗਿਆ। ਬੱਚਿਆਂ ਵੱਲੋਂ ਚੀਕ ਚਿਹਾੜਾ ਪਾਏ ਜਾਣ 'ਤੇ ਪਰਿਵਾਰ ਵਾਲੇ ਘਟਨਾ ਸਥਾਨ 'ਤੇ ਪਹੁੰਚੇ ਤੇ ਬੱਚੇ ਨੂੰ ਹਸਪਤਾਲ ਪਹੁੰਚਾਇਆ ਗਿਆ।


12 ਸਾਲਾ ਰਾਮਲਖਨ ਪਿੱਲਰ ਦੇ ਸਰੀਏ 'ਤੇ ਮੂੰਹ ਪਰਨੇ ਜਾ ਡਿੱਗਾ। ਸਰੀਆ ਆਰਪਾਰ ਹੋਣ ਕਾਰਨ ਬੱਚਾ ਉਸ 'ਚ ਫਸ ਗਿਆ। ਪਿੰਡ ਦੇ ਕੁਝ ਲੋਕਾਂ ਨੇ ਹਿੰਮਤ ਕਰਕੇ ਸਰੀਏ ਦੇ ਇਕ ਸਿਰੇ ਨੂੰ ਕੱਟਿਆ ਤੇ ਬੱਚੇ ਨੂੰ ਬਾਹਰ ਕੱਢਿਆ। ਸਰੀਏ ਦਾ ਬਾਕੀ ਹਿੱਸਾ ਬੱਚੇ ਦੇ ਮੂੰਹ 'ਚ ਫਸਿਆ ਰਹਿ ਗਿਆ। ਜਿਸ ਮਗਰੋਂ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ।


ਬਾਬਾ ਰਾਘਵ ਦਾਸ ਮੈਡੀਕਲ ਕਾਲਜ ਦੇ ਡਾਕਟਰਾਂ ਵੱਲੋਂ ਬੱਚੇ ਦਾ ਸਫ਼ਲਤਾਪੂਰਵਰਕ ਆਪ੍ਰੇਸ਼ਨ ਕੀਤਾ ਗਿਆ। ਆਪ੍ਰੇਸ਼ਨ ਦੌਰਾਨ ਡਾਕਟਰਾਂ ਨੇ ਜੀਭ ਦਾ ਅਗਲਾ ਹਿੱਸਾ, ਗਲਾ ਤੇ ਸੀਨੇ 'ਚ ਹੋਏ ਨੁਕਸਾਨ ਨੂੰ ਠੀਕ ਕਰ ਦਿੱਤਾ ਹੈ।