ਭਾਰਤ ਦੀ ਤਰ੍ਹਾਂ ਚੀਨੀ ਸਰਕਾਰ ਨੇ ਵੀ ਡਿਜੀਟਲ ਸਟ੍ਰਾਈਕ ਕੀਤੀ ਹੈ। ਇਸ ਅਚਾਨਕ ਫੈਸਲੇ ਨੂੰ ਲੈ ਕੇ ਕਈ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਇਸ ਤੋਂ ਪਹਿਲਾਂ ਭਾਰਤ ਨੇ ਡਿਜੀਟਲ ਸਟ੍ਰਾਈਕ ਦੇ ਜ਼ਰੀਏ ਚੀਨ 'ਚ 43 ਚੀਨੀ ਐਪ ਬੰਦ ਕਰ ਦਿੱਤੇ ਸੀ। ਹੁਣ ਚੀਨੀ ਸਰਕਾਰ ਨੇ 105 ਐਪਸ 'ਤੇ ਪਾਬੰਦੀ ਲਗਾਈ ਹੈ। ਚੀਨ ਨੇ ਅਮਰੀਕਾ ਸਣੇ ਦੁਨੀਆ ਦੇ ਕਈ ਵੱਡੇ ਦੇਸ਼ਾਂ ਦੀ ਐਪ 'ਤੇ ਪਾਬੰਦੀ ਲਗਾਈ ਹੈ। ਚੀਨ ਨੇ ਯੂਐਸ ਟਰੈਵਲ ਫਰਮ ਟ੍ਰਿਪਏਡਵਾਈਜ਼ਰ ਸਮੇਤ ਦੇਸ਼ ਦੇ ਐਪ ਸਟੋਰਸ ਤੋਂ 105 ਐਪਸ ਹਟਾ ਦਿੱਤੇ ਹਨ।

ਨਿਊਜ਼ ਏਜੰਸੀ ਰਾਏਟਰਸ ਦੇ ਅਨੁਸਾਰ ਇਹ ਪਾਬੰਦੀ ਨਵੀਂ ਮੁਹਿੰਮ ਦੇ ਤਹਿਤ ਲਗਾਈ ਗਈ ਹੈ। ਚੀਨ ਨੇ ਇਨ੍ਹਾਂ ਐਪਸ 'ਤੇ ਅਸ਼ਲੀਲ ਤਸਵੀਰਾਂ, ਵੇਸਵਾਗਮਨੀ, ਜੂਆ ਖੇਡਣਾ ਅਤੇ ਹਿੰਸਾ ਵਰਗਾ ਕੰਟੈਂਟ ਫੈਲਾਉਣ ਦਾ ਦੋਸ਼ ਲਗਾਇਆ ਹੈ। ਚੀਨ ਦੇ ਸਾਈਬਰਸਪੇਸ ਪ੍ਰਸ਼ਾਸਨ ਨੇ ਮੰਗਲਵਾਰ ਨੂੰ ਆਪਣੀ ਵੈੱਬਸਾਈਟ 'ਤੇ ਇਕ ਬਿਆਨ 'ਚ ਕਿਹਾ ਕਿ ਇਨ੍ਹਾਂ ਐਪਸ ਨੇ ਬਿਨਾਂ ਕੋਈ ਜਾਣਕਾਰੀ ਦਿੱਤੇ ਇਕ ਤੋਂ ਵੱਧ ਸਾਈਬਰ ਕਾਨੂੰਨਾਂ ਦੀ ਉਲੰਘਣਾ ਕੀਤੀ ਹੈ। ਇਸ ਦੇ ਲਈ ਅਸੀਂ ਇਨ੍ਹਾਂ ਐਪਸ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ।


ਜੂਨ 2020 'ਚ ਭਾਰਤ ਸਰਕਾਰ ਨੇ 59 ਮੋਬਾਈਲ ਐਪਲੀਕੇਸ਼ਨਸ 'ਤੇ ਪਾਬੰਦੀ ਲਗਾਈ, ਜਿਨ੍ਹਾਂ 'ਚ ਟਿਕਟੋਕ ਵੀ ਸ਼ਾਮਲ ਸੀ। ਇਸ ਤੋਂ ਇਲਾਵਾ 2 ਸਤੰਬਰ ਨੂੰ 110 ਹੋਰ ਐਪਲੀਕੇਸ਼ਨਸ 'ਤੇ ਪਾਬੰਦੀ ਲਗਾਈ ਗਈ ਸੀ, ਜਿਨ੍ਹਾਂ 'ਚੋਂ ਜ਼ਿਆਦਾਤਰ ਚੀਨ ਵਲੋਂ ਚੱਲਣ ਵਾਲੀਆਂ ਐਪਲੀਕੇਸ਼ਨਸ ਹਨ। ਇਨ੍ਹਾਂ ਵਿੱਚੋਂ ਕਈ ਐਪਸ 'ਤੇ ਭਾਰਤੀ ਨਾਗਰਿਕਾਂ ਦਾ ਬਹੁਤ ਜ਼ਿਆਦਾ ਡਾਟਾ ਇਕੱਠਾ ਕਰਨ ਅਤੇ ਖ਼ਾਸਕਰ ਸਰਹੱਦੀ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਦੀ ਪ੍ਰੋਫਾਈਲਿੰਗ ਕਰਕੇ ਜਾਣਕਾਰੀ ਇਕੱਤਰ ਕਰਨ ਦਾ ਦੋਸ਼ ਲਗਾਇਆ ਗਿਆ ਸੀ।