ਨਵੀਂ ਦਿੱਲੀ: ਕਾਂਗਰਸ ਦੇ ਸੀਨੀਅਰ ਲੀਡਰ ਤੇ ਸਾਬਕਾ ਸੰਸਦ ਮੈਂਬਰ ਉਦਿਤ ਰਾਜ ਨੇ ਭਾਰਤੀ ਕ੍ਰਿਕਟ ਕਪਤਾਨ ਬਾਰੇ ਬਹੁਤ ਵਿਵਾਦਪੂਰਨ ਬਿਆਨ ਦਿੱਤਾ ਹੈ। ਉਦਿਤ ਰਾਜ ਨੇ ਵਿਰਾਟ ਕੋਹਲੀ ਨੂੰ ਅਨੁਸ਼ਕਾ ਸ਼ਰਮਾ ਦਾ ਕੁੱਤਾ ਕਿਹਾ ਹੈ ਜਿਸ ਕਰਕੇ ਉਨ੍ਹਾਂ ਦੀ ਸੋਸ਼ਲ ਮੀਡੀਆ 'ਤੇ ਕਾਫੀ ਆਲੋਚਨਾ ਹੋ ਰਹੀ ਹੈ।
ਉਦਿਤ ਰਾਜ ਨੇ ਟਵੀਟ ਕੀਤਾ ਹੈ ਕਿ 'ਅਨੁਸ਼ਕਾ ਨੂੰ ਆਪਣੇ ਕੁੱਤੇ ਵਿਰਾਟ ਕੋਹਲੀ ਦੀ ਦੇਖਭਾਲ ਕਰਨ ਦੀ ਜ਼ਰੂਰਤ ਨਹੀਂ। ਕੁੱਤੇ ਨਾਲੋਂ ਜ਼ਿਆਦਾ ਵਫ਼ਾਦਾਰ ਕੋਈ ਨਹੀਂ। ਕੋਹਲੀ ਨੇ ਤੁਹਾਨੂੰ ਲੁਟੇਰਿਆਂ, ਬਦਮਾਸ਼ਾਂ ਤੇ ਮੂਰਖਾਂ ਨੂੰ ਸਿਖਾਇਆ ਸੀ ਕਿ ਪ੍ਰਦੂਸ਼ਣ ਨਾਲ ਮਨੁੱਖਤਾ ਨੂੰ ਖਤਰਾ ਹੈ।"
ਦਰਅਸਲ, ਵਿਰਾਟ ਕੋਹਲੀ ਨੇ ਇੱਕ ਵੀਡੀਓ ਟਵੀਟ ਕਰਕੇ ਦੇਸ਼ ਦੀ ਜਨਤਾ ਨੂੰ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ, ਜਿਸ ਦੇ ਨਾਲ ਉਨ੍ਹਾਂ ਦੇਸ਼ ਵਾਸੀਆਂ ਨੂੰ ਵੱਧ ਰਹੇ ਪ੍ਰਦੂਸ਼ਣ ਨੂੰ ਰੋਕਣ ਲਈ ਪਟਾਕੇ ਨਾ ਚਲਾਉਣ ਦੀ ਅਪੀਲ ਕੀਤੀ। ਇਸ ਦੇ ਉਲਟ, ਦਿੱਲੀ ਸਮੇਤ ਪੂਰੇ ਦੇਸ਼ ਵਿੱਚ ਪਟਾਕੇ ਚਲਾਏ ਗਏ। ਇਸ ਦੇ ਨਾਲ ਹੀ ਏਅਰ ਕੁਆਲਟੀ ਇੰਡੈਕਸ ਦਿੱਲੀ 'ਚ ਕਈ ਥਾਵਾਂ 'ਤੇ 999 'ਤੇ ਪਹੁੰਚ ਗਿਆ ਹੈ।
ਇਸ ਦੇ ਨਾਲ ਹੀ ਵਿਰਾਟ ਦੇ ਇਸ ਟਵੀਟ ਤੋਂ ਬਾਅਦ ਉਨ੍ਹਾਂ ਨੂੰ ਟਵਿੱਟਰ 'ਤੇ # ਅਨੁਸ਼ਕਾ_ਅਪਣਾ_ਕੁੱਤਾ_ਸੰਭਾਲ ਦੇ ਨਾਮ ਨਾਲ ਟ੍ਰੋਲ ਕਰਨਾ ਸ਼ੁਰੂ ਕੀਤਾ ਗਿਆ ਜਿਸ 'ਤੇ ਉਦਿਤ ਰਾਜ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਤੇ ਵਿਰਾਟ ਨੂੰ ਕੁੱਤਾ ਬੁਲਾਇਆ। ਹਾਲਾਂਕਿ ਉਦਿਤ ਰਾਜ ਨੇ ਆਪਣੇ ਟਵੀਟ ਦੇ ਜ਼ਰੀਏ ਵਿਰਾਟ ਦਾ ਸਮਰਥਨ ਕੀਤਾ ਹੈ, ਪਰ ਟਵੀਟ ਵਿੱਚ ਵਰਤੀ ਗਈ ਭਾਸ਼ਾ ਲਈ ਉਨ੍ਹਾਂ ਦੀ ਅਲੋਚਨਾ ਹੋ ਰਹੀ ਹੈ।