ਚੰਡੀਗੜ੍ਹ: ਪੰਜਾਬ ਤੇ ਚੰਡੀਗੜ੍ਹ ਵਿੱਚ ਦੀਵਾਲੀ ਮੌਕੇ ਸਰਕਾਰੀ ਹੁਕਮਾਂ ਨੂੰ 'ਬੰਬਾਂ' ਨਾਲ ਖੂਬ ਉਡਾਇਆ। ਪੰਜਾਬ ਵਿੱਚ ਪਟਾਕੇ ਚਲਾਉਣ ਦਾ ਸਮਾਂ ਸਿਰਫ ਦੋ ਘੰਟੇ ਸੀ ਪਰ ਸ਼ਾਮ ਤੋਂ ਲੈ ਕੇ ਦੇਰ ਰਾਤ ਤੱਕ ਠਾਹ-ਠਾਹ ਹੁੰਦੀ ਰਹੀ। ਇਸ ਤੋਂ ਇਲਾਵਾ ਸਰਕਾਰ ਨੇ ਸਿਰਫ ਹਰੇ ਪਟਾਕੇ (ਘੱਟ ਪ੍ਰਦੂਸ਼ਣ ਫੈਲਾਉਣ ਵਾਲੇ) ਚਲਾਉਣ ਦੀ ਹਦਾਇਤ ਕੀਤੀ ਸੀ ਪਰ ਕਿਸੇ ਨਿਯਮ ਦਾ ਖਿਆਲ ਨਹੀਂ ਰੱਖਿਆ ਗਿਆ।


ਮਿਲੀਆਂ ਰਿਪੋਰਟਾਂ ਮੁਤਾਬਕ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਦੀਵਾਲੀ ਦੀ ਰਾਤ ਨੂੰ ਧੂਮਧਾਮ ਨਾਲ ਆਤਿਸ਼ਬਾਜ਼ੀ ਕੀਤੀ ਗਈ ਤੇ ਲੋਕਾਂ ਨੇ ਖੂਬ ਪਟਾਕੇ ਚਲਾਏ। ਇਸ ਨਾਲ ਵਾਤਾਵਰਨ ਤੇ ਕਾਫ਼ੀ ਪ੍ਰਭਾਵ ਪਿਆ ਤੇ ਐਤਵਾਰ ਸਵੇਰੇ ਕਈ ਥਾਵਾਂ ਉੱਪਰ ਸਾਹ ਲੈਣਾ ਵੀ ਔਖਾ ਹੋ ਗਿਆ।


ਸਿਟੀ ਬਿਊਟੀਫੁੱਲ ਚੰਡੀਗੜ੍ਹ ਦੀ ਹਾਲਤ ਵੀ ਕਾਫੀ ਖ਼ਰਾਬ ਰਹੀ। ਸ਼ਹਿਰ ਵਿੱਚ ਪਟਾਕਿਆਂ ਦੀ ਵਿਕਰੀ ਤੇ ਚਲਾਉਣ ਤੇ ਪੂਰਨ ਪਾਬੰਦੀ ਹੋਣ ਦੇ ਬਾਵਜੂਦ ਜਗ੍ਹਾ ਜਗ੍ਹਾ ਤੇ ਖੂਬ ਆਤਿਸ਼ਬਾਜ਼ੀ ਕੀਤੀ ਗਈ ਤੇ ਬਹੁਤ ਸਾਰੇ ਪਟਾਕੇ ਚਲਾਏ ਗਏ। ਇਸ ਦਾ ਅਸਰ ਅਗਲੇ 24 ਘੰਟਿਆਂ ਵਿੱਚ ਦੇਖਣ ਨੂੰ ਮਿਲੇਗਾ।


ਚੰਡੀਗੜ੍ਹ ਵਿੱਚ ਦੀਵਾਲੀ ਦੀ ਸ਼ਾਮ ਨੂੰ ਪਟਾਕੇ ਚਲਾਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਤੇ ਆਸਮਾਨ ਵਿੱਚ ਜਗ੍ਹਾ ਜਗ੍ਹਾ ਤੇ ਪਟਾਕੇ ਚੱਲਣ ਦਾ ਧੂੰਆਂ ਚੜ੍ਹਨਾ ਸ਼ੁਰੂ ਹੋ ਗਿਆ। ਹਨੇਰਾ ਹੋਣ ਕਰਕੇ ਪਟਾਕੇ ਚੱਲਣ ਤੇ ਹੋਣ ਵਾਲੀ ਰੋਸ਼ਨੀ ਦਾ ਸਾਫ ਪਤਾ ਚੱਲ ਰਿਹਾ ਸੀ। ਹਾਲਾਂਕਿ ਪਟਾਕੇ ਚੱਲਣ ਦੇ ਬਾਵਜੂਦ ਵੀ ਚੰਡੀਗੜ੍ਹ ਦੀ ਹਵਾ ਐਤਵਾਰ ਸਵੇਰ ਤੱਕ ਜ਼ਿਆਦਾ ਖ਼ਰਾਬ ਨਹੀਂ ਹੋਈ ਤੇ ਸ਼ਹਿਰ ਦੇ ਪ੍ਰਦੂਸ਼ਣ ਦਾ ਸਿਤਾਰਾ ਅਜੇ ਉੱਤਰ ਭਾਰਤ ਦੇ ਹੋਰ ਸ਼ਹਿਰਾਂ ਤੋਂ ਕਾਫ਼ੀ ਘੱਟ ਹੈ।


ਐਤਵਾਰ ਨੂੰ ਚੰਡੀਗੜ੍ਹ ਏਅਰ ਕੁਆਲਟੀ ਇੰਡੈਕਸ 146 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਰਿਕਾਰਡ ਕੀਤਾ ਗਿਆ। ਦੀਵਾਲੀ ਦੀ ਰਾਤ ਵੀ ਇਹ ਲਗਪਗ 140 ਸੀ। ਇਸ ਦੇ ਨਾਲ ਹੀ ਪੰਚਕੁਲਾ ਤੇ ਮੁਹਾਲੀ ਵਿੱਚ ਪਟਾਖੇ ਚਲਾਉਣ 'ਤੇ ਪਾਬੰਦੀ ਨਹੀਂ ਲਾਈ ਗਈ ਸੀ। ਇਨ੍ਹਾਂ ਦੋਵਾਂ ਸ਼ਹਿਰਾਂ ਵਿੱਚ ਹਵਾ ਪ੍ਰਦੂਸ਼ਣ ਦਾ ਪੱਧਰ ਵਧਿਆ ਹੈ।


ਪੰਚਕੁਲਾ ਵਿਚ ਹਵਾ ਦੀ ਗੁਣਵੱਤਾ ਦਾ ਇੰਡੈਕਸ ਐਤਵਾਰ ਸਵੇਰੇ ਵਧ ਕੇ 274 ਹੋ ਗਿਆ। ਇਹ ਸ਼ਾਮ ਤੱਕ ਹੋਰ ਵਧਣ ਦੀ ਉਮੀਦ ਹੈ। ਹਵਾ ਵਿੱਚ ਪਾਰਟੀਕੁਲੇਟ ਮੈਟਰ 2 ਪੁਆਇੰਟ 5 ਤੇ ਪੀਐਮ 10 ਦੇ ਕਣਾਂ ਦੀ ਮਾਤਰਾ ਕਾਫ਼ੀ ਵਧ ਗਈ ਹੈ ਅਤੇ ਨਾਲ ਹੀ ਕਾਰਬਨ ਡਾਈਆਕਸਾਈਡ ਨਾਈਟ੍ਰੋਜਨ ਵਰਗੀਆਂ ਗੈਸਾਂ ਦੀ ਮਾਤਰਾ ਵਿੱਚ ਵੀ ਕਾਫ਼ੀ ਵਾਧਾ ਹੋਇਆ ਹੈ।


ਹਵਾ ਦੀ ਗੁਣਵੱਤਾ ਦਾ ਸੂਚਕ ਅੰਕ 150 ਤੇ ਪਹੁੰਚ ਗਿਆ ਹੈ, ਹਾਲਾਂਕਿ ਇਹ ਦੀਵਾਲੀ ਤੋਂ ਪਹਿਲਾਂ ਵੀ ਇਸ ਦੇ ਆਸ ਪਾਸ ਸੀ। ਇੱਕ ਵਾਰ 203 ਵੀ ਦਰਜ ਕੀਤਾ ਗਿਆ ਸੀ। ਦੀਵਾਲੀ ਤੋਂ ਬਾਅਦ, ਦਿੱਲੀ ਦੇ ਸ਼ਹਿਰਾਂ ਵਿੱਚ ਸਭ ਤੋਂ ਵੱਧ ਪ੍ਰਦੂਸ਼ਣ ਦਾ ਪੱਧਰ ਦੇਖਣ ਨੂੰ ਮਿਲਿਆ ਹੈ। ਐਤਵਾਰ ਸਵੇਰੇ ਨਵੀਂ ਦਿੱਲੀ ਦਾ ਏ ਕਿਊ ਆਈ 468 ਦਰਜ ਕੀਤਾ ਗਿਆ।


ਇਹ ਗੁਰੂਗ੍ਰਾਮ 421, ਫਰੀਦਾਬਾਦ 443, ਨੋਇਡਾ 445 ਦਰਜ ਕੀਤਾ ਗਿਆ। ਇਸ ਦੇ ਨਾਲ ਹੀ, ਚੰਡੀਗੜ੍ਹ ਨਾਲ ਲੱਗਦੇ ਸ਼ਹਿਰਾਂ ਵਿਚ ਪ੍ਰਦੂਸ਼ਣ ਤੇਜ਼ੀ ਨਾਲ ਵਧਿਆ ਹੈ। ਹਰਿਆਣਾ ਦੇ ਅੰਬਾਲਾ ਸ਼ਹਿਰ ਵਿਚ ਏਕਿਯੂਆਈ 330, ਕੁਰੂਕਸ਼ੇਤਰ ਵਿੱਚ 381, ਕਰਨਾਲ ਵਿਚ 293। ਪੰਜਾਬ ਦੇ ਲੁਧਿਆਣਾ ਵਿੱਚ ਏਕਿਯੂਆਈ 378, 327 ਜਲੰਧਰ ਤੇ 328 ਪਟਿਆਲਾ ਵਿੱਚ ਦਰਜ ਕੀਤੀ ਗਈ ਹੈ।


ਪੰਜਾਬ ਦੇ ਕਿਸਾਨ ਅੰਦੋਲਨ ਦਾ ਭਾਰਤੀ ਫੌਜ ਤੱਕ ਪਹੁੰਚਿਆ ਸੇਕ, ਕੇਂਦਰ 'ਤੇ ਵਧਿਆ ਦਬਾਅ


ਦੀਵਿਆਂ ਦੀ ਥਾਂ ਕਿਸਾਨਾਂ ਨੇ ਮਿਸ਼ਾਲਾਂ ਨਾਲ ਰੁਸ਼ਨਾਇਆ ਪੰਜਾਬ, ਅੰਦੋਲਨ ਦੇ ਰਾਹ ਪੈਣ ਦਾ ਸੱਦਾ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ