ਚੰਡੀਗੜ੍ਹ: ਪੰਜਾਬ ‘ਚ ਕਿਸਾਨ ਅੰਦੋਲਨ ਦੇ ਚੱਲਦਿਆਂ ਰੇਲਵੇ ਨੇ ਮਾਲ ਗੱਡੀਆਂ ਤੇ ਯਾਤਰੀ ਗੱਡੀਆਂ ਰੱਦ ਕੀਤੀਆਂ ਹੋਈਆਂ ਹਨ। ਰੇਲਾਂ ਰੱਦ ਹੋਣ ਦੇ ਚੱਲਦਿਆਂ ਫੌਜ ਤਕ ਲੋੜੀਂਦਾ ਸਾਮਾਨ ਵੀ ਨਹੀਂ ਪਹੁੰਚ ਰਿਹਾ। ਸਭ ਤੋਂ ਜਿਆਦਾ ਪ੍ਰੇਸ਼ਾਨੀ ਜ਼ਰੂਰੀ ਚੀਜ਼ਾਂ ਦੀ ਸਪਲਾਈ ਨੂੰ ਲੈ ਕੇ ਹੋ ਰਹੀ ਹੈ। ਹੁਣ ਫੌਜ ਤਕ ਇਹ ਸਾਮਾਨ ਪਹੁੰਚਾਉਣ ਲਈ ਸੜਕ ਮਾਰਗ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਇਸ ਦੇ  ਨਾਲ ਹੀ ਕੇਂਦਰ ਸਰਕਾਰ ਉੱਪਰ ਹਾਲਾਤ ਨੂੰ ਸਹੀ ਕਰਨ ਲਈ ਦਬਾਅ ਵਧ ਰਿਹਾ ਹੈ।


ਫੌਜ ਦੇ ਸੂਤਰਾਂ ਮੁਤਾਬਕ ਜੰਮੂ ਕਸ਼ਮੀਰ ਤੇ ਲੱਦਾਖ ‘ਚ ਤਾਇਨਾਤ ਫੌਜ ਤੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੇ ਕਰਮੀਆਂ ਲਈ ਪੂਰਤੀ ਦਾ ਠੰਢ ਦਾ ਸਟੌਕ ਅਕਤੂਬਰ ਦੇ ਅੰਤ ਤਕ ਖਤਮ ਹੋ ਗਿਆ ਸੀ। ਹੁਣ ਜੰਮੂ-ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਦੇ ਇਲਾਕਿਆਂ ਤੋਂ ਕਿਸੇ ਤਰ੍ਹਾਂ ਲੋੜੀਂਦੀਆਂ ਚੀਜਾਂ ਦੀ ਭਰਪਾਈ ਕੀਤੀ ਗਈ ਹੈ। ਹੁਣ ਬਰਫਬਾਰੀ ਨਾਲ ਲੱਦਾਖ ਦਾ ਉੱਪਰੀ ਮਾਰਗ ਵੀ ਬੰਦ ਹੋ ਗਿਆ ਹੈ।


ਪੰਜਾਬ ‘ਚ ਬੰਦ ਪਈ ਮਾਲ ਗੱਡੀਆਂ ਦੀ ਆਮਦ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਚੇਤਾਵਨੀ ਦਿੱਤੀ ਸੀ ਕਿ ਇਹ ਨਾ ਸਿਰਫ ਸੂਬੇ ਦੇ ਕਿਸਾਨਾਂ, ਉਦਯੋਗਾਂ ਤੇ ਗਵਾਂਢੀ ਸੂਬਿਆਂ ਦੇ ਲੋਕਾਂ ਨੂੰ ਪ੍ਰਭਾਵਿਤ ਕਰੇਗਾ। ਬਲਕਿ ਲੱਦਾਖ ਤੇ ਘਾਟੀ ‘ਚ ਸਰਦੀਆਂ ਲਈ ਫੌਜ ਲਈ ਜ਼ਰੂਰੀ ਸਮਾਨ ਦੀ ਪੂਰਤੀ ਵੀ ਇਸ ਤੋਂ ਪ੍ਰਭਾਵਿਤ ਹੋਵੇਗਾ। ਉੱਤਰ ਰੇਲਵੇ ਦੇ ਇਕ ਸੀਨੀਅਰ ਅਧਿਕਾਰੀ ਮੁਤਾਬਕ ਪਿਛਲੇ 50 ਦਿਨਾਂ ‘ਚ ਫੌਜ ਦੀ ਅਪੂਰਤੀ ਲਈ ਕੁਝ ਮਾਲ ਗੱਡੀਆਂ ਰੱਦ ਕੀਤੀਆਂ ਗਈਆਂ ਸਨ।