ਯਾਦਵਿੰਦਰ ਸਿੰਘ


ਚੰਡੀਗੜ੍ਹ: ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਮੇਅਰਾਂ ਦੀ ਚੋਣਾਂ 'ਚ ਉਨ੍ਹਾਂ ਦੀ ਰਾਏ ਨਾ ਲੈਣ ਕਰਕੇ ਆਪਣੀ ਹੀ ਸਰਕਾਰ ਨਾਲ ਰੁੱਸੇ ਹੋਏ ਹਨ। ਹੁਣ ਸਿੱਧੂ ਨੂੰ ਮਨਾਉਣ ਲਈ ਕਾਂਗਰਸ ਪਾਰਟੀ ਦੇ ਲੀਡਰਾਂ ਨੇ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ। ਪੰਜਾਬ ਕਾਂਗਰਸ ਦੀ ਇੰਚਾਰਜ ਆਸ਼ਾ ਕੁਮਾਰੀ ਚੰਡੀਗੜ੍ਹ ਪੁੱਜ ਚੁੱਕੇ ਹਨ।

'ਏਬੀਪੀ ਸਾਂਝਾ' ਨਾਲ ਫੋਨ 'ਤੇ ਗੱਲਬਾਤ ਕਰਦਿਆਂ ਆਸ਼ਾ ਕੁਮਾਰੀ ਨੇ ਕਿਹਾ ਹੈ ਕਿ ਹਾਂ ਉਹ ਚੰਡੀਗੜ੍ਹ 'ਚ ਹਨ। ਉਨ੍ਹਾਂ ਦੀ ਇੱਕ ਰੁਟੀਨ ਮੀਟਿੰਗ ਹੈ। ਉਸ ਤੋਂ ਬਾਅਦ ਉਹ ਡਲਹੌਜ਼ੀ ਜਾ ਰਹੇ ਹਨ। ਸਿੱਧੂ ਮਾਮਲੇ ਬਾਰੇ ਉਨ੍ਹਾਂ ਕੁਝ ਬੋਲਣ ਤੋਂ ਇਨਕਾਰ ਕਰ ਦਿੱਤਾ। ਸੂਤਰਾਂ ਮੁਤਾਬਕ ਉਹ ਸਿੱਧੂ ਨਾਲ ਗੱਲਬਾਤ ਕਰਨ ਲਈ ਹੀ ਚੰਡੀਗੜ੍ਹ ਪੁੱਜੇ ਹਨ। ਇਸ ਮਾਮਲੇ 'ਚ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਕੁਮਾਰ ਜਾਖੜ ਵੀ ਉਨ੍ਹਾਂ ਦੀ ਮੱਦਦ ਕਰ ਰਹੇ ਹਨ। ਜਾਖ਼ੜ ਵੀ ਅੱਜ ਸਵੇਰ ਦੇ ਇਸੇ ਮਸਲੇ 'ਚ ਮਸਰੂਫ਼ ਹਨ।

ਕਾਂਗਰਸ ਦੇ ਸਕੱਤਰ ਇੰਚਾਰਜ ਹਰੀਸ਼ ਚੌਧਰੀ ਵੀ ਚੰਡੀਗੜ੍ਹ 'ਚ ਹਨ। ਉਹ ਦਿੱਲੀ ਤੋਂ ਚੰਡੀਗੜ੍ਹ ਪੁੱਜੇ ਹਨ। ਹਰੀਸ਼ ਚੌਧਰੀ ਨਾਲ ਜਦੋਂ 'ਏਬੀਪੀ ਸਾਂਝਾ' ਨੇ ਸੰਪਰਕ ਕੀਤਾ ਤਾਂ ਉਨ੍ਹਾਂ ਵੀ ਇਹੀ ਕਿਹਾ ਕਿ ਸਾਡੀਆਂ ਰੁਟੀਨ ਮੀਟਿੰਗਾਂ ਹਨ। ਸੂਤਰਾਂ ਮੁਤਾਬਕ ਹਾਈਕਮਾਨ ਨੇ ਉਨ੍ਹਾਂ ਨੂੰ ਵੀ ਸਿੱਧੂ ਸੰਕਟ ਹੱਲ ਕਰਨ ਲਈ ਚੰਡੀਗੜ੍ਹ ਭੇਜਿਆ ਹੈ। ਇਹ ਵੀ ਪਤਾ ਲੱਗਾ ਹੈ ਕਿ ਸਿੱਧੂ ਨੂੰ ਮਨਾਉਣ ਵਿਧਾਇਕ ਰਾਜ ਕੁਮਾਰ ਵੇਰਕਾ ਤੇ ਪ੍ਰਗਟ ਸਿੰਘ ਵੀ ਗਏ ਸਨ।

ਇਸ ਦੇ ਬਾਵਜੂਦ ਸਿੱਧੂ ਨੇ ਅੱਜ ਫੇਰ ਕਿਹਾ ਹੈ ਕਿ ਉਨ੍ਹਾਂ ਨੂੰ ਮੀਟਿੰਗ 'ਚ ਬੁਲਾਇਆ ਨਹੀਂ ਗਿਆ। ਉਨ੍ਹਾਂ ਨੂੰ ਇਹ ਬੇਹੱਦ ਮਹਿਸੂਸ ਹੋਇਆ ਹੈ। ਉਨ੍ਹਾਂ ਕਿਹਾ ਹੈ ਕਿ ਕਿਸੇ ਵੀ ਫੈਸਲੇ ਬਾਰੇ ਨਾ ਮੇਰੇ ਕੋਲੋਂ ਪੁੱਛਿਆ ਗਿਆ ਹੈ ਤੇ ਨਾ ਹੀ ਮੇਰੀ ਕੋਈ ਰਾਏ ਲਈ ਗਈ ਹੈ। ਸੂਤਰਾਂ ਮੁਤਾਬਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਉਨ੍ਹਾਂ ਦੀ ਰਿਹਾਇਸ਼ 'ਤੇ ਦੋ ਵਜੇ ਦੇ ਕਰੀਬ ਆਸ਼ਾ ਕਮਾਰੀ, ਹਰੀਸ਼ ਚੌਧਰੀ ਤੇ ਸੁਨੀਲ ਕੁਮਾਰ ਜਾਖੜ ਦੀ ਮੀਟਿੰਗ ਹੈ। ਸੂਤਰਾਂ ਮੁਤਾਬਕ ਇਹ ਮੀਟਿੰਗ ਸਿੱਧੂ ਸੰਕਟ 'ਤੇ ਹੀ ਹੋ ਰਹੀ ਹੈ।

ਦੱਸਣਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਬਾਰੇ ਚਰਚਾ ਸੀ ਕਿ ਉਹ ਸਰਕਾਰ 'ਚ ਡਿਪਟੀ ਸੀਐਮ ਨਾ ਬਣਾਏ ਜਾਣ ਤੋਂ ਅੰਦਰਖਾਤੇ ਪਾਰਟੀ ਨਾਲ ਨਾਰਾਜ਼ ਚੱਲੇ ਆ ਰਹੇ ਹਨ। ਹੁਣ ਉਨ੍ਹਾਂ ਦੀ ਨਾਰਾਜ਼ਗੀ ਜੱਗ ਜ਼ਾਹਰ ਹੋ ਚੁੱਕੀ ਹੈ। ਦੇਖਣਾ ਹੈ ਕਿ ਹੁਣ ਕਾਂਗਰਸ ਦੀਆਂ ਬਗਾਵਤੀ ਸੁਰਾਂ ਜਾਰੀ ਰਹਿੰਦੀਆਂ ਹਨ ਜਾਂ ਹਾਈਕਮਾਨ ਇਨ੍ਹਾਂ ਨੂੰ ਰੋਕਣ 'ਚ ਸਫ਼ਲ ਰਹਿੰਦੀ ਹੈ।