ਨਵੀਂ ਦਿੱਲੀ : ਜੀਓ ਨੇ ਗਣਤੰਤਰ ਦਿਵਸ ਮੌਕੇ ਆਪਣੇ ਗਾਹਕਾਂ ਲਈ ਨਵੇਂ ਸਸਤੇ ਅਤੇ ਜ਼ਿਆਦਾ ਖਿੱਚਵੇਂ ਪਲਾਨ ਪੇਸ਼ ਕੀਤੇ ਹਨ। ਇਨ੍ਹਾਂ 'ਚ ਦੂਜੀਆਂ ਕੰਪਨੀਆਂ ਤੋਂ 50 ਰੁਪਏ ਘੱਟ ਕੀਮਤ 'ਤੇ 50 ਫ਼ੀਸਦੀ ਜ਼ਿਆਦਾ ਡਾਟਾ ਦੇਣ ਦਾ ਆਫਰ ਦਿੱਤਾ ਹੈ। ਜੀਓ ਦੇ ਨਵੇਂ ਟੈਰਿਫ 26 ਜਨਵਰੀ ਤੋਂ ਉਪਲੱਬਧ ਹੋਣਗੇ।
ਨਵੇਂ ਪਲਾਨ ਤਹਿਤ ਜੀਓ ਨੇ ਪਹਿਲੀ ਵਾਰੀ 98 ਰੁਪਏ ਕੀਮਤ ਦਾ ਪਲਾਨ ਪੇਸ਼ ਕੀਤਾ ਹੈ। ਇਸ ਵਿਚ ਗਾਹਕ 28 ਦਿਨਾਂ ਤਕ ਮੁਫ਼ਤ ਵਾਇਸ ਕਾਲ ਦੀ ਸਹੂਲਤ ਦੇ ਇਲਾਵਾ ਅਸੀਮਤ ਡਾਟਾ ਇਸਤੇਮਾਲ ਕਰਦੇ ਹੋਏ ਜੀਓ ਲਾਈਫ਼ ਨਾਲ ਜੁੜ ਸਕਦੇ ਹਨ।
ਨਵੇਂ ਪਲਾਨ ਤਹਿਤ 1ਜੀਬੀ ਹਰ ਰੋਜ਼ ਵਾਲੇ ਸਾਰੇ ਮੌਜੂਦਾ ਪੈਕ 1.5 ਜੀਬੀ ਹਰ ਰੋਜ਼ ਵਾਲੇ ਕਰ ਦਿੱਤੇ ਗਏ ਹਨ ਜਦਕਿ 1.5ਜੀਬੀ ਹਰ ਰੋਜ਼ ਵਾਲੇ ਪੈਕ ਨੂੰ 2ਜੀਬੀ ਕਰ ਦਿੱਤਾ ਗਿਆ ਹੈ।
ਇਹੀ ਨਹੀਂ 399 ਰੁਪਏ ਵਾਲਾ ਜੀਓ ਦਾ ਫਲੈਗਸ਼ਿਪ ਪਲਾਨ ਹੁਣ 84 ਦਿਨਾਂ ਲਈ ਫ੍ਰੀ ਵਾਇਸ, ਅਸੀਮਤ ਡਾਟਾ (1.5 ਜੀਬੀ ਰੋਜ਼ਾਨਾ) ਅਤੇ ਅਸੀਮਤ ਐੱਸਐੱਮਐੱਸ ਸਹੂਲਤ ਦੇ ਨਾਲ ਜੀਓ ਐਪ ਦਾ ਪ੍ਰੀਮੀਅਮ ਸਬਸਿਯਪਸ਼ਨ ਵੀ ਦੇਵੇਗਾ।
ਜੀਓ ਦੇ ਇਹ ਪਲਾਨ ਹਾਲੀਆ ਏਅਰਟੈੱਲ ਦੇ ਟੈਰਿਫ਼ 'ਚ ਬਦਲਾਅ ਦੇ ਬਾਅਦ ਉਸ ਨੂੰ ਟੱਕਰ ਦੇਣ ਲਈ ਪੇਸ਼ ਕੀਤੇ ਗਏ ਹਨ।