ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੱਤਾ 'ਚ ਵਾਪਸੀ ਦੀ ਸਥਿਤੀ 'ਚ ਚੀਨ ‘ਤੇ ਦੇਸ਼ ਦੀ ਨਿਰਭਰਤਾ ਖ਼ਤਮ ਕਰਨ ਦੀ ਸਹੁੰ ਖਾਧੀ ਅਤੇ ਕਿਹਾ ਕਿ ਉਹ ਚੀਨ ਤੋਂ ਕੋਰੋਨਾਵਾਇਰਸ ਦੇ ਸੰਕਰਮ ਦੇ ਫੈਲਣ ਨੂੰ ਕਦੇ ਨਹੀਂ ਭੁੱਲੇਗਾ।
ਟਰੰਪ ਨੇ 3 ਨਵੰਬਰ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੇ ਮੱਦੇਨਜ਼ਰ ਸ਼ੁੱਕਰਵਾਰ ਨੂੰ ਨਿਊਪੋਰਟ ਵਰਜੀਨੀਆ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਮਰੀਕੀ ਅਰਥਚਾਰੇ ਦੀ ਸਥਿਤੀ ਮਜ਼ਬੂਤ ਸੀ, “ਤਾਂ ਹੀ ਚੀਨ ਤੋਂ ਵਾਇਰਸ ਆ ਗਿਆ”। ਉਨ੍ਹਾਂ ਕਿਹਾ, "ਉਨ੍ਹਾਂ ਨੂੰ ਕਦੇ ਵੀ ਅਜਿਹਾ ਨਹੀਂ ਹੋਣ ਦੇਣਾ ਚਾਹੀਦਾ ਸੀ।" ਅਸੀਂ ਇਸ ਨੂੰ ਨਹੀਂ ਭੁੱਲਾਂਗੇ ਅਸੀਂ (ਆਰਥਿਕ ਗਤੀਵਿਧੀਆਂ) ਬੰਦ ਕਰ ਦਿੱਤੀਆਂ ਅਤੇ ਲੱਖਾਂ ਲੋਕਾਂ ਦੀ ਜਾਨ ਬਚਾਈ। ਅਸੀਂ ਹੁਣ ਇਸ ਨੂੰ ਖੋਲ੍ਹਿਆ ਹੈ।”
ਅਮਰੀਕਾ ਇਸ ਲਾਗ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਇਸ ਵਾਇਰਸ ਕਾਰਨ ਦੋ ਲੱਖ ਤੋਂ ਵੱਧ ਅਮਰੀਕਨ ਆਪਣੀ ਜਾਨ ਗੁਆ ਚੁੱਕੇ ਹਨ ਅਤੇ ਦੇਸ਼ ਦੀ ਆਰਥਿਕਤਾ ਹਿੱਲ ਗਈ ਹੈ, ਜਿਸ ਕਾਰਨ ਲੱਖਾਂ ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ ਹਨ। ਟਰੰਪ ਨੇ ਕਿਹਾ ਕਿ ਜੇ ਉਹ ਅਗਲੇ ਚਾਰ ਸਾਲਾਂ ਲਈ ਦੁਬਾਰਾ ਸੱਤਾ ਵਿੱਚ ਆਉਂਦੇ ਹਨ ਤਾਂ ਉਹ ਅਮਰੀਕਾ ਨੂੰ ਵਿਸ਼ਵ ਵਿੱਚ ਨਿਰਮਾਣ ਦੀ ਮਹਾਂਸ਼ਕਤੀ ਬਣਾਉਣਗੇ। ਉਨ੍ਹਾਂ ਕਿਹਾ, "ਅਸੀਂ ਚੀਨ 'ਤੇ ਆਪਣੀ ਨਿਰਭਰਤਾ ਸਦਾ ਲਈ ਖ਼ਤਮ ਕਰ ਦੇਵਾਂਗੇ।"
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੋਰੋਨਾਵਾਇਰਸ ਤੋਂ ਬਾਅਦ ਚੀਨ ਨਾਲ ਸਬੰਧਾਂ ਦਾ ਉਨ੍ਹਾਂ ਲਈ ਕੋਈ ਜ਼ਿਆਦਾ ਮਤਲਬ ਨਹੀਂ ਸੀ। ਟਰੰਪ ਨੇ ਚੀਨ ਪ੍ਰਤੀ ਡੂੰਘੀ ਨਿਰਾਸ਼ਾ ਜ਼ਾਹਰ ਕਰਦਿਆਂ ਕਿਹਾ, "ਮੇਰੇ ਚੀਨੀ ਰਾਸ਼ਟਰਪਤੀ ਸ਼ੀ (ਜਿਨਪਿੰਗ) ਨਾਲ ਬਹੁਤ ਚੰਗੇ ਸੰਬੰਧ ਸਨ, ਪਰ ਇਹ ਮਹਾਂਮਾਰੀ ਆਈ ... ਅਸੀਂ ਇੱਕ ਚੰਗਾ ਵਪਾਰ ਸਮਝੌਤਾ ਕੀਤਾ ਸੀ, ਪਰ ਮੇਰੇ ਲਈ ਇਹ ਪਹਿਲਾਂ ਵਰਗਾ ਨਹੀਂ ਹੈ। ਕੀ ਹੁਣ ਇਸ ਦਾ ਕੋਈ ਅਰਥ ਹੈ? "