ਮਨਵੀਰ ਕੌਰ ਰੰਧਾਵਾ


ਚੰਡੀਗੜ੍ਹ/ਨਵੀਂ ਦਿੱਲੀ: ਦੇਸ਼ ‘ਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਨਿਰੰਤਰ ਵਧ ਰਹੀ ਹੈ। ਇਸ ਸਮੇਂ ਦੇਸ਼ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਕੁੱਲ ਗਿਣਤੀ 6412 ਹੋ ਗਈ ਹੈ। ਇਨ੍ਹਾਂ ਵਿੱਚੋਂ ਸਰਗਰਮ ਮਰੀਜ਼ਾਂ ਦੀ ਗਿਣਤੀ 5709 ਹੈ ਤੇ ਕੁੱਲ 199 ਲੋਕਾਂ ਦੀ ਮੌਤ ਇਸ ਵਾਇਰਸ ਨਾਲ ਸੰਕਰਮਣ ਕਾਰਨ ਹੋਈ ਹੈ। ਹਾਲਾਂਕਿ 503 ਮਰੀਜ਼ ਇਸ ਬਿਮਾਰੀ ਤੋਂ ਠੀਕ ਵੀ ਹੋ ਚੁੱਕੇ ਹਨ। ਸਿਹਤ ਮੰਤਰਾਲੇ ਦੀ ਵੈੱਬਸਾਈਟ ਦੇ ਅਨੁਸਾਰ ਮਿਲੇ ਅੰਕੜਿਆਂ ਦੇ ਅਧਾਰ 'ਤੇ ਇਹ ਜਾਣਕਾਰੀ ਦਿੱਤੀ ਗਈ ਹੈ।

ਭਾਰਤ ‘ਚ ਮਰੀਜ਼ਾਂ ਦੀ ਗਿਣਤੀ ਨਿਰੰਤਰ ਵੱਧ ਰਹੀ ਹੈ ਤੇ ਹੁਣ ਮਰੀਜ਼ ਬਹੁਤ ਤੇਜ਼ ਰਫ਼ਤਾਰ ਨਾਲ ਬਾਹਰ ਆ ਰਹੇ ਹਨ। ਪਿਛਲੇ 24 ਘੰਟਿਆਂ ‘ਚ ਕੋਰੋਨਾ ਦੇ 678 ਨਵੇਂ ਕੇਸ ਸਾਹਮਣੇ ਆਏ ਹਨ, ਜਦੋਂਕਿ ਕੱਲ੍ਹ ਸਵੇਰ ਤੋਂ ਕੁੱਲ 33 ਵਿਅਕਤੀਆਂ ਦੀਆਂ ਜਾਨਾਂ ਗਈਆਂ ਹਨ।

ਸੂਬੇ ਮੁਤਾਬਕ ਡੇਟਾ:

ਮਹਾਰਾਸ਼ਟਰ ਵਿੱਚ ਵੱਧ ਤੋਂ ਵੱਧ 1364 ਲੋਕ ਇਸ ਵਾਇਰਸ ਨਾਲ ਸੰਕਰਮਿਤ ਹਨ ਅਤੇ ਸੂਬੇ ਵਿੱਚ 97 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਇੱਥੇ 125 ਲੋਕ ਠੀਕ ਹੋਏ ਹਨ।

ਤਾਮਿਲਨਾਡੂ ਦੇ ਦੱਖਣੀ ਸੂਬੇ ‘ਚ ਇਸ ਸਮੇਂ ਕੋਵਿਡ-19 ਦੇ 834 ਮਰੀਜ਼ ਹਨ ਅਤੇ ਇੱਥੇ 8 ਵਿਅਕਤੀ ਮਰ ਚੁੱਕੇ ਹਨ। ਇਸ ਦੇ ਨਾਲ ਹੀ ਇਸ ਬਿਮਾਰੀ ਤੋਂ 21 ਲੋਕ ਠੀਕ ਹੋ ਗਏ ਹਨ।

ਰਾਜਧਾਨੀ ਦਿੱਲੀ ਵਿੱਚ ਸੰਕਰਮਿਤ ਮਰੀਜ਼ਾਂ ਦੀ ਗਿਣਤੀ 720 ਤੱਕ ਪਹੁੰਚ ਗਈ ਹੈ ਅਤੇ ਇੱਥੇ 12 ਲੋਕਾਂ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ 25 ਵਿਅਕਤੀਆਂ ਦਾ ਇਲਾਜ ਕੀਤਾ ਗਿਆ ਹੈ।

ਰਾਜਸਥਾਨ ‘ਚ ਕੋਰੋਨਾਵਾਇਰਸ ਦੇ 463 ਮਾਮਲੇ ਹੋ ਚੁੱਕੇ ਹਨ ਅਤੇ 3 ਲੋਕਾਂ ਨੇ ਆਪਣੀ ਜਾਨ ਗੁਆਈ ਹੈ। ਇਸ ਦੇ ਨਾਲ ਹੀ ਸੂਬੇ ਦੇ 21 ਵਿਅਕਤੀ ਠੀਕ ਵੀ ਹੋਏ ਹਨ।

ਇਸ ਸਮੇਂ ਤਕ ਤੇਲੰਗਾਨਾ ‘ਚ 442 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਇਸ ਬਿਮਾਰੀ ਕਾਰਨ 7 ਲੋਕਾਂ ਦੀ ਮੌਤ ਹੋ ਚੁੱਕੀ ਹੈ। 35 ਲੋਕ ਠੀਕ ਹੋ ਗਏ ਹਨ।

ਉੱਤਰ ਪ੍ਰਦੇਸ਼ ਵਿੱਚ 410 ਲੋਕ ਇਸ ਬਿਮਾਰੀ ‘ਚ ਫਸ ਚੁੱਕੇ ਹਨ ਤੇ 4 ਲੋਕਾਂ ਦੀ ਮੌਤ ਹੋ ਗਈ ਹੈ। ਇਸ ਮਹਾਮਾਰੀ ਕਾਰਨ ਇੱਥੇ ਹੁਣ ਤਕ 31 ਲੋਕਾਂ ਦੀ ਮੌਤ ਹੋ ਗਈ ਹੈ।

ਦੇਸ਼ ਦੇ ਹੋਰ ਰਾਜਾਂ ਦੀ ਹਾਲਤ: ਦੇਸ਼ ‘ਚ ਮਰੀਜ਼ਾਂ ਦੀ ਵੱਧ ਰਹੀ ਗਿਣਤੀ ਬੇਹੱਦ ਚਿੰਤਾਜਨਕ ਹੈ ਅਤੇ ਮੰਨਿਆ ਜਾਂਦਾ ਹੈ ਕਿ ਇਸ ਦੇ ਕਾਰਨ 14 ਅਪ੍ਰੈਲ ਤੱਕ ਜਾਰੀ ਲੌਕਡਾਊਨ ਨੂੰ ਥੋੜੇ ਸਮੇਂ ਲਈ ਵਧਾਇਆ ਜਾ ਸਕਦਾ ਹੈ। ਉੜੀਸਾ ਨੇ ਪਹਿਲਾਂ ਹੀ ਲੌਕਡਾਊਨ 30 ਅਪ੍ਰੈਲ ਤੱਕ ਵਧਾਉਣ ਦਾ ਐਲਾਨ ਕੀਤਾ ਹੈ।