ਨਵੀਂ ਦਿੱਲੀ: ਸੀਰਮ ਇੰਸਟੀਚਿਊਟ ਆਫ ਇੰਡੀਆ (SII) ਦੇ ਸੀਈਓ ਆਦਰ ਪੂਨਾਵਾਲਾ ਨੇ ਕਿਹਾ ਹੈ ਕਿ ਦੇਸ਼ 'ਚ ਦਸੰਬਰ ਤੱਕ ਕੋਰੋਨਾ ਵੈਕਸੀਨ ਹੋਣੀ ਚਾਹੀਦੀ ਹੈ। ਸੀਰਮ ਇੰਸਟੀਚਿਊਟ ਨੇ ਕੋਰੋਨਾ ਵੈਕਸੀਨ ਬਣਾਉਣ ਲਈ ਆਕਸਫੋਰਡ ਯੂਨੀਵਰਸਿਟੀ ਨਾਲ ਸਾਂਝੇਦਾਰੀ ਕੀਤੀ ਹੈ। ਐਸਆਈਆਈ ਨੇ ਵੈਕਸੀਨ ਦੀਆਂ 100 ਮਿਲੀਅਨ ਖੁਰਾਕਾਂ ਦਾ ਉਤਪਾਦਨ ਕਰਨ ਲਈ ਗਾਵੀ ਤੇ ਬਿੱਲ ਐਂਡ ਮੇਲਿੰਡਾ ਗੇਟਸ ਫਾਉਂਡੇਸ਼ਨ ਨਾਲ ਸਮਝੌਤਾ ਕੀਤਾ ਹੈ।


ਆਦਰ ਪੂਨਾਵਾਲਾ ਨੇ ਇਕ ਬਿਆਨ 'ਚ ਕਿਹਾ, “ਸਾਡੇ ਕੋਲ ਇਸ ਸਾਲ ਦੇ ਅੰਤ ਤੱਕ ਵੈਕਸੀਨ ਹੋਣੀ ਚਾਹੀਦੀ ਹੈ। ਅਸੀਂ ਭਾਰਤ 'ਚ ਆਈਸੀਐਮਆਰ ਦੀ ਭਾਈਵਾਲੀ 'ਚ ਕੁਝ ਹਜ਼ਾਰ ਮਰੀਜ਼ਾਂ ਦੀ ਜਾਂਚ ਕਰਾਂਗੇ। ਫਰਮ ਨੇ ਪਹਿਲਾਂ ਕਿਹਾ ਸੀ ਕਿ ਅਗਸਤ ਦੇ ਅੰਤ ਤੱਕ ਪੁਣੇ ਤੇ ਮੁੰਬਈ 'ਚ 4 ਤੋਂ 5 ਹਜ਼ਾਰ ਲੋਕਾਂ 'ਚ ਟੈਸਟ ਕੀਤੇ ਜਾਣਗੇ, ਜੋ ਦੋ ਮਹੀਨੇ ਤੱਕ ਚੱਲੇਗਾ।




ਕੰਪਨੀ ਨੇ ਪਹਿਲਾਂ ਦੱਸਿਆ ਹੈ ਕਿ ਇਕ ਖੁਰਾਕ ਦੀ ਕੀਮਤ ਤਿੰਨ ਡਾਲਰ ਯਾਨੀ ਤਕਰੀਬਨ 225 ਰੁਪਏ ਰੱਖੀ ਗਈ ਹੈ। ਇਹ ਵਿੱਤ ਅਸਟਰਾਜ਼ੇਨੇਕਾ ਅਤੇ ਨੋਵਾਵੈਕਸ ਲਈ ਸੰਭਾਵਿਤ ਵੈਕਸੀਨ ਦੇ ਨਿਰਮਾਣ 'ਚ ਵੀ ਸਹਾਇਤਾ ਪ੍ਰਦਾਨ ਕਰੇਗਾ। ਫਿਲਹਾਲ ਇਨ੍ਹਾਂ ਦੋਵਾਂ ਕੰਪਨੀਆਂ ਦੀਆਂ ਵੈਕਸੀਨ ਟਰਾਇਲ 'ਤੇ ਚੱਲ ਰਹੀਆਂ ਹਨ।



ਬਿਲ ਐਂਡ ਮੇਲਿੰਡਾ ਗੇਟਸ ਫਾਊਂਡੇਸ਼ਨ ਗਾਵੀ ਨੂੰ ਆਪਣੇ ਨਿਵੇਸ਼ ਫੰਡ ਰਾਹੀਂ 15 ਕਰੋੜ ਡਾਲਰ ਜੋਖਮ ਮੁਕਤ ਫੰਡ ਮੁਹੱਈਆ ਕਰਵਾਏਗੀ, ਸੰਭਾਵਤ ਵੈਕਸੀਨ ਦੇ ਨਿਰਮਾਣ 'ਚ ਸੀਰਮ ਇੰਸਟੀਚਿਊਟ ਦੀ ਸਹਾਇਤਾ ਲਈ ਤੇ ਭਵਿੱਖ 'ਚ ਘੱਟ ਅਤੇ ਦਰਮਿਆਨੀ ਆਮਦਨੀ ਵਾਲੇ ਦੇਸ਼ਾਂ ਲਈ ਵੈਕਸੀਨ ਖਰੀਦਣ ਲਈ ਵਰਤੀ ਜਾਏਗੀ।