ਨਵੀਂ ਦਿੱਲੀਚੀਨ ਤੋਂ ਫੈਲੇ ਕੋਰੋਨਾ ਵਾਇਰਸ ਬਾਰੇ ਦੁਨੀਆ ਭਰ 'ਚ ਅਲਰਟ ਜਾਰੀ ਕੀਤਾ ਗਿਆ ਹੈ ਤੇ ਭਾਰਤ ਵੀ ਇਸ ਦਾ ਸ਼ਿਕਾਰ ਹੋ ਰਿਹਾ ਹੈ। ਭਾਰਤ ਸਰਕਾਰ ਨੇ ਚੀਨ ਵਿੱਚ ਫਸੇ ਭਾਰਤੀ ਨਾਗਰਿਕਾਂ ਨੂੰ ਬਾਹਰ ਕੱਢਣ ਲਈ ਕਾਰਵਾਈ ਤੇਜ਼ ਕਰ ਦਿੱਤੀ ਹੈ। ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਨੂੰ ਬਿਆਨ 'ਚ ਕਿਹਾ ਕਿ ਚੀਨ ਵਿੱਚ ਮੌਜੂਦ ਭਾਰਤੀਆਂ ਨੂੰ ਜਲਦ ਤੋਂ ਜਲਦ ਭਾਰਤ ਲਿਆਂਦਾ ਜਾਵੇਗਾ, ਇਸ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਗਈ ਹੈ।


ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਦੱਸਿਆ ਕਿ ਚੀਨ ਦੇ ਹੁਬਈ ਪ੍ਰਾਂਤ 'ਚ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਸਾਰੇ ਭਾਰਤੀ ਨਾਗਰਿਕਾਂ ਨੂੰ ਹਟਾਉਣ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਬੀਜਿੰਗ 'ਚ ਸਾਡੀ ਟੀਮ ਚੀਨੀ ਸਰਕਾਰ ਦੇ ਸੰਪਰਕ 'ਚ ਹੈ ਤੇ ਭਾਰਤੀ ਨਾਗਰਿਕਾਂ ਤੋਂ ਅਪਡੇਟ ਲੈ ਰਹੀ ਹੈ। ਅਸੀਂ ਇਸ ਮੁੱਦੇ 'ਤੇ ਲਗਾਤਾਰ ਅਪਡੇਟ ਦਿੰਦੇ ਰਹਾਂਗੇ।


ਏਅਰ ਇੰਡੀਆ ਵੱਲੋਂ ਬੋਇੰਗ 747 ਨੂੰ ਸਟੈਂਡਬਾਏ 'ਤੇ ਰੱਖਿਆ ਗਿਆ ਹੈ, ਹੁਣ ਭਾਰਤੀਆਂ ਨੂੰ ਕੱਢਣ ਦੀ ਪ੍ਰਕਿਰਿਆ ਸਰਕਾਰ ਦੇ ਆਦੇਸ਼ ਤੋਂ ਬਾਅਦ ਸ਼ੁਰੂ ਕੀਤੀ ਜਾ ਸਕਦੀ ਹੈ। ਦੱਸ ਦੇਈਏ ਕਿ ਲਗਪਗ 250 ਭਾਰਤੀ ਵਿਦਿਆਰਥੀ ਚੀਨ 'ਚ ਫਸੇ ਹੋਏ ਹਨ, ਜਿਨ੍ਹਾਂ ਨੂੰ ਵਾਪਸ ਦੇਸ਼ ਲਿਆਂਦਾ ਜਾਵੇਗਾ।

ਚੀਨ ਦੇ ਹੁਬੇਈ ਪ੍ਰਾਂਤ 'ਚ ਫਸੇ ਸਾਰੇ ਭਾਰਤੀ ਨਾਗਰਿਕਾਂ ਲਈ ਭਾਰਤ ਸਰਕਾਰ ਵੱਲੋਂ ਤਿੰਨ ਹਾਟਲਾਈਨ ਨੰਬਰ ਜਾਰੀ ਕੀਤੇ ਗਏ ਹਨ, ਜੇਕਰ ਕਿਸੇ ਵਿਅਕਤੀ ਦਾ ਪਾਸਪੋਰਟ ਚੀਨੀ ਸਰਕਾਰ ਕੋਲ ਜਮਾਂ ਹੈ, ਤਾਂ ਉਹ ਤੁਰੰਤ ਇਨ੍ਹਾਂ ਨੰਬਰਾਂ 'ਤੇ ਕਾਲ ਕਰ ਸਕਦੇ ਹਨ ਤੇ ਮਦਦ ਲੈ ਸਕਦੇ ਹਨ।