ਚੰਡੀਗੜ੍ਹ: ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਟ੍ਰੈਪ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਇਸ ਵਾਰ ਸਾਨੂੰ ਆਪਣੇ ਅਤੇ ਆਪਣੇ ਪਰਿਵਾਰਾਂ ਨੂੰ ਕੋਰੋਨਾ ਤੋਂ ਬਚਾਉਣ ਲਈ ਖੇਤਾਂ ਅਤੇ ਮੰਡੀਆਂ ‘ਚ ਸਖ਼ਤ ਸਾਵਧਾਨੀਆਂ ਵਰਤਣੀਆਂ ਪੈਣਗੀਆਂ। ਪੇਂਡੂ ਵਿਕਾਸ ਵਿਭਾਗ ਵੱਲੋਂ ਪਿੰਡ ਪੱਧਰ ‘ਤੇ ਇੱਕ ਮੁਹਿੰਮ ਲੋਕਾਂ ਨੂੰ ਸਾਵਧਾਨੀਆਂ ਪ੍ਰਤੀ ਜਾਗਰੂਕ ਕਰਨ ਲਈ ਸ਼ੁਰੂ ਕੀਤੀ ਗਈ ਹੈ। ਇਸ ਦੇ ਤਹਿਤ ਪੋਸਟਰ ਲਗਾਏ ਜਾ ਰਹੇ ਹਨ, ਸੋਸ਼ਲ ਮੀਡੀਆ ਅਤੇ ਵ੍ਹੱਟਸਐਪ ਜ਼ਰੀਏ ਲੋਕਾਂ ਨੂੰ ਰੋਜ਼ ਜਾਗਰੂਕ ਕੀਤਾ ਜਾ ਰਿਹਾ ਹੈ। ਮੰਡੀ ਬੋਰਡ ਨੇ ਹਰ ਜ਼ਿਲ੍ਹੇ ਵਿੱਚ ਸਥਾਪਤ ਕੀਤੇ ਵਿਸ਼ੇਸ਼ ਕੰਟਰੋਲ ਰੂਮ: ਪੰਜਾਬ ਵਿੱਚ 15 ਅਪਰੈਲ ਤੋਂ ਸ਼ੁਰੂ ਹੋਣ ਵਾਲੇ ਹਾੜ੍ਹੀ ਖਰੀਦ ਸੀਜ਼ਨ ਦੌਰਾਨ ਕਿਸਾਨਾਂ ਅਤੇ ਆੜਤੀਆਂ ਦੀ ਸਹੂਲਤ ਲਈ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ ਸੋਮਵਾਰ ਨੂੰ ਬੋਰਡ ਹੈੱਡਕੁਆਰਟਰ ਵਿਖੇ ਸਥਾਪਤ ਰਾਜ ਕੰਟਰੋਲ ਰੂਮ ਵਿੱਚ ਸਾਰੇ 22 ਜ਼ਿਲ੍ਹਿਆਂ ਲਈ ਸੰਪਰਕ ਨੰਬਰ ਜਾਰੀ ਕੀਤੇ ਹਨ। ਮੰਡੀ ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਚੇਅਰਮੈਨ ਨੇ ਕਿਸਾਨਾਂ ਨੂੰ ਮੰਡੀ ਬੋਰਡ ਦਾ epmb ਮੋਬਾਈਲ ਐਪ ਡਾਊਨਲੋਡ ਕਰਨ ਲਈ ਕਿਹਾ ਹੈ, ਜੋ ਮੰਡੀਆਂ ਦੀਆਂ ਗਤੀਵਿਧੀਆਂ ਨਾਲ ਸਬੰਧਤ ਤਾਜ਼ਾ ਜਾਣਕਾਰੀ ਦੇ ਨਾਲ-ਨਾਲ ਕਣਕ ਵੇਚਣ ਲਈ ਈ-ਪਾਸ ਮੁਹੱਈਆ ਕਰਵਾਏਗਾ। ਬੁਲਾਰੇ ਨੇ ਅੱਗੇ ਦੱਸਿਆ ਕਿ ਮੰਡੀ ਬੋਰਡ ਨੇ ਇੱਕ ਈਮੇਲ wheat.proc2020.ctrl@punjab.gov.in ਵੀ ਬਣਾਇਆ ਹੈ ਤੇ ਇਸ ਈਮੇਲ ਰਾਹੀਂ ਸ਼ਿਕਾਇਤ ਵੀ ਦਰਜ ਕੀਤੀ ਜਾ ਸਕਦੀ ਹੈ। ਸਰਕਾਰ ਦੁਆਰਾ ਜਾਰੀ ਕੀਤੀ ਸਲਾਹ ਮੁਤਾਬਕ: - ਕਣਕ ਦੀ ਕਟਾਈ ਦਾ ਸਮਾਂ ਸਵੇਰੇ 6 ਵਜੇ ਤੋਂ ਸ਼ਾਮ 7 ਵਜੇ ਤੱਕ ਹੋਵੇਗਾ। - ਕਾਮੇ ਵਾਢੀ ਕਰਦਿਆਂ ਇੱਕ ਦੂਜੇ ਤੋਂ 2 ਮੀਟਰ ਦੀ ਦੂਰੀ ਬਣਾਉਣ। - ਥੋੜੇ ਸਮੇਂ ਬਾਅਦ ਆਪਣੇ ਹੱਥਾਂ ਨੂੰ ਸਾਬਣ ਨਾਲ ਧੋਣ। - ਮੂੰਹ, ਅੱਖਾਂ ਅਤੇ ਨੱਕ 'ਤੇ ਹੱਥ ਲਗਾਉਣ ਤੋਂ ਪਰਹੇਜ਼ ਕਰਨ। - ਕੰਮ ਕਰਦੇ ਸਮੇਂ ਆਪਣੇ ਨੱਕ ਅਤੇ ਮੂੰਹ ਨੂੰ ਢੱਕ ਕੇ ਰੱਖੋ। - ਖਾਣ-ਪੀਣ ਦੌਰਾਨ ਇੱਕ ਦੂਜੇ ਤੋਂ ਉਚਿਤ ਦੂਰੀ 'ਤੇ ਬੈਠਣ। - ਖੇਤਾਂ ਅਤੇ ਮੰਡੀਆਂ ‘ਚ ਨਾ ਥੁੱਕੋ, ਕੋਰੋਨਵਾਇਰਸ ਫੈਲਣ ਦਾ ਜੋਖਮ ਵਧੇਗਾ। ਮੰਡੀਆਂ ‘ਚ ਇਹ ਸਾਵਧਾਨੀਆਂ ਵਰਤਨ ਕਿਸਾਨ: - ਉਹੀ ਕਿਸਾਨ ਆਪਣੀ ਕਣਕ ਨੂੰ ਮੰਡੀ ‘ਚ ਲੈ ਕੇ ਆਉਂਦੇ ਹਨ, ਜਿਨ੍ਹਾਂ ਨੂੰ ਆੜਤੀਆਂ ਨੇ ਹੋਲੋਗ੍ਰਾਮ ਦੀ ਪਰਚੀ ਦਿੱਤੀ ਹੈ। - ਬਗੈਰ ਹੋਲੋਗ੍ਰਾਮ ਪਰਚੀ ਵਾਲੀ ਕਣਕ ਨੂੰ ਮਾਰਕੀਟ ‘ਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। - ਮੰਡੀ ‘ਚ ਲਿਆਂਦੀ ਕਣਕ ਨੂੰ ਕਿਸੇ ਖਾਸ ਥਾਂ ‘ਤੇ ਹੀ ਉਤਾਰੀ ਜਾਣੀ ਚਾਹੀਦੀ ਹੈ। - ਡਰਾਈਵਰ ਤੋਂ ਇਲਾਵਾ ਕੋਈ ਹੋਰ ਟਰੈਕਟਰ 'ਤੇ ਨਾ ਬੈਠੇ। - ਟਰਾਲੀ ‘ਚ ਘੱਟੋ ਘੱਟ ਲੇਬਰ ਲਗਾਓ ਅਤੇ ਵਾਜਬ ਦੂਰੀ 'ਤੇ ਬੈਠੋ। - ਮੰਡੀ ‘ਚ ਖਾਣ-ਪੀਣ ਦੀਆਂ ਦੁਕਾਨਾਂ 'ਤੇ ਇਕੱਠੇ ਨਾ ਹੋਵੋ। - ਦੁਕਾਨਦਾਰ ਵੀ ਆਪਣੀ ਨੱਕ ਅਤੇ ਮੂੰਹ ਢੱਕ ਕੇ ਰੱਖਣ। - ਖਾਣ-ਪੀਣ ਲਈ ਆਪਣੇ ਬਰਤਨਾਂ ਦੀ ਵਰਤੋਂ ਕਰੋ। - ਜੇ ਖੰਘ, ਜ਼ੁਕਾਮ, ਬੁਖਾਰ ਹੈ, ਤਾਂ ਤੁਰੰਤ ਹਸਪਤਾਲ ਜਾਓ।