ਨਵੀਂ ਦਿੱਲੀ: ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ugc) ਨੇ ਕਿਹਾ ਹੈ ਕਿ ਗ੍ਰੈਜੂਏਸ਼ਨ ਦੇ ਪਹਿਲੇ ਸਾਲ ਦਾ ਅਕਾਦਮਿਕ ਕੈਲੰਡਰ 1 ਸਤੰਬਰ 2020 ਤੋਂ ਸ਼ੁਰੂ ਹੋਵੇਗਾ। ਜਦੋਂ ਕਿ ਗ੍ਰੈਜੂਏਸ਼ਨ ‘ਚ ਦੂਜੇ ਅਤੇ ਤੀਜੇ ਸਾਲ ਦੇ ਵਿਦਿਆਰਥੀਆਂ ਲਈ ਵਿਦਿਅਕ ਕੈਲੰਡਰ 1 ਅਗਸਤ ਤੋਂ ਸ਼ੁਰੂ ਹੋਵੇਗਾ। ਇਹ ਪ੍ਰੀਖਿਆਵਾਂ ਅਗਲੇ ਸਾਲ 26 ਮਈ ਤੋਂ 25 ਜੂਨ ਤੱਕ ਆਯੋਜਤ ਕੀਤੀਆਂ ਜਾਣਗੀਆਂ। ਇੱਕ ਜੁਲਾਈ ਤੋਂ 30 ਜੁਲਾਈ ਤੱਕ ਗਰਮੀਆਂ ਦੀ ਛੁੱਟੀ ਰਹੇਗੀ। ਯੂਜੀਸੀ ਨੇ ਕਿਹਾ ਕਿ ਅਗਲੇ ਸਾਲ ਦਾ ਇਜਲਾਸ ਇੱਕ ਅਗਸਤ 2021 ਤੋਂ ਸ਼ੁਰੂ ਹੋਵੇਗਾ।


ਕਮਿਸ਼ਨ ਨੇ ਪ੍ਰੀਖਿਆਵਾਂ ਅਤੇ ਵਿਦਿਅਕ ਪ੍ਰੋਗਰਾਮਾਂ ਲਈ ਦਿਸ਼ਾ ਨਿਰਦੇਸ਼ਾਂ ‘ਚ ਕਿਹਾ ਹੈ ਕਿ ਆਖਰੀ ਸਮੈਸਟਰ ਦੇ ਵਿਦਿਆਰਥੀਆਂ ਦੀ ਪ੍ਰੀਖਿਆ ਜੁਲਾਈ ‘ਚ ਹੋ ਸਕਦੀ ਹੈ। ਯੂਜੀਸੀ ਨੇ ਕਿਹਾ ਹੈ, “ਮਿਡਲ ਸਮੈਸਟਰ ਦੇ ਵਿਦਿਆਰਥੀਆਂ ਨੂੰ ਪਿਛਲੇ ਅਤੇ ਮੌਜੂਦਾ ਸਮੈਸਟਰ ਦੇ ਅੰਦਰੂਨੀ ਮੁਲਾਂਕਣ ਦੇ ਅਧਾਰ ‘ਤੇ ਗ੍ਰੇਡ ਦਿੱਤੇ ਜਾਣਗੇ। ਜਿਨ੍ਹਾਂ ਸੂਬਿਆਂ ‘ਚ ਕੋਰੋਨਾਵਾਇਰਸ ਦੀ ਸਥਿਤੀ ਆਮ ਹੋ ਗਈ ਹੈ, ਉੱਥੇ ਜੁਲਾਈ ਦੇ ਮਹੀਨੇ ‘ਚ ਪ੍ਰੀਖਿਆਵਾਂ ਹੋਣਗੀਆਂ।"

ਕਮਿਸ਼ਨ ਨੇ ਕਿਹਾ ਹੈ, “ਐਮਫਿਲ, ਪੀਐਚਡੀ ਦੇ ਵਿਦਿਆਰਥੀਆਂ ਨੂੰ ਛੇ ਮਹੀਨੇ ਹੋਰ ਸਮਾਂ ਮਿਲੇਗਾ ਅਤੇ ਇੰਟਰਵਿਊ ਵੀਡੀਓ ਕਾਨਫਰੰਸ ਰਾਹੀਂ ਹੋਵੇਗੀ।“ ਕਮਿਸ਼ਨ ਨੇ ਸਾਫ ਕੀਤਾ ਹੈ ਕਿ ਦਿਸ਼ਾ ਨਿਰਦੇਸ਼ ਇੱਕ ਸਲਾਹ-ਮਸ਼ਵਰੇ ਵਾਂਗ ਹਨ ਅਤੇ ਯੂਨੀਵਰਸਿਟੀ ਕੋਵਿਡ-19 ਨਾਲ ਜੁੜੇ ਮੁੱਦਿਆਂ ਨੂੰ ਵਿਚਾਰਦਿਆਂ ਆਪਣੀਆਂ ਯੋਜਨਾਵਾਂ ਤਿਆਰ ਕਰ ਸਕਦੀਆਂ ਹਨ।

ਦੱਸ ਦਈਏ ਕਿ ਕੋਰੋਨਾਵਾਇਰਸ ਦੇ ਵੱਧ ਰਹੇ ਕੇਸਾਂ ਕਾਰਨ ਲੌਕਡਾਊਨ ਚੱਲ ਰਿਹਾ ਹੈ। ਸਕੂਲ, ਕਾਲਜ, ਯੂਨੀਵਰਸਿਟੀ ਪੂਰੀ ਤਰ੍ਹਾਂ ਬੰਦ ਹਨ।

Education Loan Information:

Calculate Education Loan EMI