ਚੰਡੀਗੜ੍ਹ: ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਕੋਰੋਨਾਵਾਇਰਸ ਲਈ 24 ਘੰਟਿਆਂ ਵਿੱਚ ਤਿੰਨ ਟੈਸਟ ਹੋਏ। ਪਹਿਲੇ ਟੈਸਟ ਵਿੱਚ ਉਨ੍ਹਾਂ ਦਾ ਇਹ ਟੈਸਟ ਪੌਜ਼ੇਟਿਵ ਆਇਆ ਪਰ ਬਾਕੀ ਦੇ ਦੋ ਟੈਸਟ ਨੈਗੇਟਿਵ ਰਹੇ।


 


ਦਰਅਸਲ, ਸਨਿੱਚਰਵਾਰ ਨੂੰ ਚੰਡੀਗੜ੍ਹ ਸਥਿਤ ਐਮਐਲਏ ਹੋਸਟਲ ’ਚ ਪੰਜਾਬ ਦੇ ਸਾਰੇ ਵਿਧਾਇਕਾਂ ਦੇ ਸੈਂਪਲ ਲਏ ਗਏ ਸਨ। ਸੁਖਜਿੰਦਰ ਸਿੰਘ ਰੰਧਾਵਾ ਦਾ ਕੱਲ੍ਹ ਵਾਲਾ ਟੈਸਟ ਪੌਜ਼ੇਟਿਵ ਆਇਆ ਸੀ ਪਰ ਜਦੋਂ ਉਨ੍ਹਾਂ ਬਾਅਦ ’ਚ ਇੱਕ ਪ੍ਰਾਈਵੇਟ ਲੈਬ ਤੋਂ ਦੁਬਾਰਾ ਇਹ ਟੈਸਟ ਕਰਵਾਇਆ, ਤਾਂ ਉਹ ਨੈਗੇਟਿਵ ਨਿਕਲਿਆ। ਉਸ ਤੋਂ ਬਾਅਦ ’ਚ ਉਨ੍ਹਾਂ ਪੀਜੀਆਈ ਤੋਂ ਮੁੜ ਕੋਵਿਡ-19 ਦਾ ਟੈਸਟ ਕਰਵਾਇਆ, ਜੋ ਫਿਰ ਨੈਗੇਟਿਵ ਆਇਆ।


 


ਸੋਮਵਾਰ ਨੂੰ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਣ ਤੋਂ ਪੰਜਾਬ ਦੇ ਸਾਰੇ ਵਿਧਾਇਕਾਂ ਦੇ ਕੋਵਿਡ ਟੈਸਟ ਕੀਤੇ ਜਾ ਰਹੇ ਹਨ। ਮੰਤਰੀ ਰੰਧਾਵਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਹ ਟੈਸਟਾਂ ਦੀਆਂ ਆਪਾ-ਵਿਰੋਧੀ ਰਿਪੋਰਟਾਂ ਤੋਂ ਹੈਰਾਨ ਤੇ ਪ੍ਰੇਸ਼ਾਨ ਹਨ।