ਕੋਲਕਾਤਾ: ਪੱਛਮੀ ਬੰਗਾਲ ਵਿੱਚ ਵਿਧਾਨ ਸਭਾ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ ਕੀਤਾ ਜਾਣ ਦੇ ਇੱਕ ਦਿਨ ਬਾਅਦ ਹੀ ਚੋਣ ਕਮਿਸ਼ਨ ਨੇ ਸ਼ਨੀਵਾਰ ਨੂੰ ਵਧੀਕ ਪੁਲਿਸ ਡਾਇਰੈਕਟਰ ਜਨਰਲ (ਕਾਨੂੰਨ ਵਿਵਸਥਾ) ADG ਜਾਵੇਦ ਸ਼ਮੀਮ ਨੂੰ ਉਸ ਦੇ ਅਹੁਦੇ ਤੋਂ ਹਟਾ ਦਿੱਤਾ ਹੈ। ਸ਼ਮੀਮ ਦੀ ਥਾਂ ਜਗਮੋਹਨ ਨੂੰ ਨਿਯੁਕਤ ਕੀਤਾ ਗਿਆ ਹੈ।

ਰਾਜ ਦੇ ਮੁੱਖ ਚੋਣ ਅਧਿਕਾਰੀ (ਸੀਈਓ) ਨੇ ਆਦੇਸ਼ ਵਿੱਚ ਕਿਹਾ ਹੈ ਕਿ 1995 ਬੈਚ ਦੇ ਆਈਪੀਐਸ ਅਧਿਕਾਰੀ ਸ਼ਮੀਮ ਦੀ ਥਾਂ ਜਗਮੋਹਨ ਡਾਇਰੈਕਟਰ ਜਨਰਲ (ਫਾਇਰ ਸਰਵਿਸ) ਹੋਣਗੇ। ਉਨ੍ਹਾਂ ਦਾ ਦਰਜਾ ਏਡੀਜੀ ਦਾ ਹੀ ਰਹੇਗਾ।

ਇਸ ਤਬਦੀਲੀ ਤੋਂ ਥੋੜ੍ਹੀ ਦੇਰ ਪਹਿਲਾਂ, ਭਾਜਪਾ ਦੇ ਇੱਕ ਵਫ਼ਦ ਨੇ ਮੁੱਖ ਚੋਣ ਅਧਿਕਾਰੀ ਆਰਿਜ਼ ਆਫ਼ਤਾਬ ਨਾਲ ਮੁਲਾਕਾਤ ਕੀਤੀ ਸੀ। ਵਫ਼ਦ ਵਿੱਚ ਸੰਸਦ ਮੈਂਬਰ ਸਵਪਨ ਦਾਸਗੁਪਤਾ ਅਤੇ ਅਰਜੁਨ ਸਿੰਘ ਸ਼ਾਮਲ ਸੀ। ਉਸ ਨੇ ਆਰੀਜ਼ ਆਫ਼ਤਾਬ ਨੂੰ ਅਪੀਲ ਕੀਤੀ ਕਿ ਉਹ "ਪੱਖਪਾਤੀ" ਪੁਲਿਸ ਅਧਿਕਾਰੀਆਂ ਨੂੰ ਚੋਣ ਡਿਊਟੀ ਤੋਂ ਹਟਾਉਣ।

ਮਮਤਾ ਬੈਨਰਜੀ ਸਰਕਾਰ ਨੇ ਸ਼ਮੀਮ ਨੂੰ ਇਸ ਮਹੀਨੇ ਦੇ ਸ਼ੁਰੂ ਵਿੱਚ ਹੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਰਾਜ ਦੇ ਏਡੀਜੀ (ਕਾਨੂੰਨ ਵਿਵਸਥਾ) ਦੇ ਅਹੁਦੇ ਲਈ ਨਿਯੁਕਤ ਕੀਤਾ ਸੀ। ਇਸ ਤੋਂ ਪਹਿਲਾਂ ਉਹ ਕੋਲਕਾਤਾ ਪੁਲਿਸ ਦੇ ਵਿਸ਼ੇਸ਼ ਕਮਿਸ਼ਨਰ (ਦੂਜਾ) ਦੇ ਅਹੁਦੇ ‘ਤੇ ਸੀ।

ਮੁੱਖ ਚੋਣ ਅਧਿਕਾਰੀ ਨੂੰ ਮਿਲਣ ਤੋਂ ਬਾਅਦ, ਦਾਸਗੁਪਤਾ ਨੇ ਕਿਹਾ ਕਿ "ਪੱਛਮੀ ਬੰਗਾਲ ਵਿੱਚ ਪੁਲਿਸ ਪ੍ਰਸ਼ਾਸਨ ਜਿਸ ਢੰਗ ਨਾਲ ਕੰਮ ਕਰ ਰਿਹਾ ਹੈ ਐਸੇ ਵਿੱਚ ਨਿਰਪੱਖ ਚੋਣਾਂ ਸੰਭਵ ਨਹੀਂ ਹਨ। ਅਸੀਂ ਸ਼ਹਿਰ ਵਿੱਚ ਤਾਇਨਾਤ ਕੁਝ ਪੁਲਿਸ ਅਧਿਕਾਰੀਆਂ ਦੇ ਨਾਮ ਦੱਸ ਸਕਦੇ ਹਾਂ। ਜੇ ਅਹੁੱਦੇ ਤੇ ਰਹਿੰਦੇ ਹਨ ਤਾਂ ਸੁਤੰਤਰ ਅਤੇ ਨਿਰਪੱਖ ਚੋਣਾਂ ਸੰਭਵ ਨਹੀਂ ਹਨ।" ਉਸਨੇ ਦਾਅਵਾ ਕੀਤਾ ਕਿ ਉਸਨੇ ਕੋਲਕਾਤਾ ਦੇ ਪੁਲਿਸ ਕਮਿਸ਼ਨਰ ਸੋਮੇਨ ਮਿੱਤਰਾ ਨੂੰ ਵੀ ਇੱਕ ਬੈਠਕ ਲਈ ਕਈ ਬੇਨਤੀਆਂ ਕੀਤੀਆਂ ਹਨ, ਪਰ ਉਸਨੇ ਇਸ ਨੂੰ ਸਵੀਕਾਰ ਨਹੀਂ ਕੀਤਾ।