ਚੀਨ 'ਚ ਜਾਨਲੇਵਾ ਬਿਮਾਰੀ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 908 ਹੋ ਗਈ ਹੈ ਤੇ ਇਸਦੇ ਸੰਕਰਮਣ ਦੇ 40 ਹਜ਼ਾਰ ਤੋਂ ਵੱਧ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਨੇ ਦੱਸਿਆ ਕਿ ਐਤਵਾਰ ਨੂੰ ਇਸ ਨਾਲ 97 ਹੋਰ ਲੋਕਾਂ ਦੀ ਜਾਨ ਚਲੇ ਗਈ ਤੇ 3,062 ਨਵੇਂ ਮਾਮਲੇ ਸਾਹਮਣੇ ਆਏ ਹਨ। ਕਮਿਸ਼ਨ ਮੁਤਾਬਕ 31 ਸੂਬਾਈ ਪੱਧਰੀ ਖੇਤਰਾਂ 'ਚ ਇਸ ਨਾਲ ਹੁਣ ਤੱਕ 908 ਲੋਕਾਂ ਦੀ ਜਾਨ ਜਾ ਚੁੱਕੀ ਹੈ ਤੇ 40,171 ਮਾਮਲਿਆਂ ਦੀ ਪੁਸ਼ਟੀ ਹੋਈ ਹੈ।


ਕਮਿਸ਼ਨ ਨੇ ਦੱਸਿਆ ਕਿ ਐਤਵਾਰ ਨੂੰ 296 ਮਰੀਜ਼ ਗੰਭੀਰ ਰੂਪ 'ਚ ਬਿਮਾਰ ਹੋ ਗਏ, 6,484 ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਤੇ 23,589 ਲੋਕਾਂ ਦਾ ਇਸ ਨਾਲ ਸੰਕਰਮਿਤ ਹੋਣ ਦੀ ਸ਼ੱਕ ਹੈ। ਉੱਥੇ ਹੀ ਕੁੱਲ 3,281 ਲੋਕਾਂ ਨੂੰ ਇਲਾਜ ਤੋਂ ਬਾਅਦ ਛੁੱਟੀ ਵੀ ਦੇ ਦਿੱਤੀ ਗਈ ਹੈ।

ਇਸ ਤੋਂ ਪਹਿਲਾਂ ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਨੇ ਦੱਸਿਆ ਕਿ ਸ਼ਨੀਵਾਰ ਨੂੰ ਇਸ ਨਾਲ 89 ਲੋਕਾਂ ਦੀ ਜਾਨ ਚਲੇ ਗਈ, ਜਦਕਿ 600 ਲੋਕਾਂ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ। ਹਾਲਾਂਕਿ ਵਰਲਡ ਹੈਲਥ ਆਰਗੇਨਾਈਜ਼ੇਸ਼ਨ ਵਲੋਂ ਦਾਅਵਾ ਕੀਤਾ ਗਿਆ ਹੈ ਕਿ ਚੀਨ ਦੇ ਹੇਬੁਈ 'ਚ ਆ ਰਹੇ ਕੋਰੋਨਾਵਾਈਰਸ ਦੇ ਮਾਮਲਿਆਂ 'ਚ ਰੁਕਾਵਟ ਹੈ। ਇਹ ਇੱਕ ਚੰਗੀ ਖ਼ਬਰ ਹੈ, ਪਰ ਇਸ ਬਾਰੇ ਕੋਈ ਵੀ ਭੱਵਿਖਬਾਣੀ ਕਰਨਾ ਜਲਦਬਾਜ਼ੀ ਹੋਵੇਗੀ।