ਫਰੀਦਕੋਟ: ਚੀਨ 'ਚ ਕੋਰੋਨਾ ਵਾਇਰਸ ਦੇ ਵਧਦੇ ਪ੍ਰਭਾਵ ਕਰਕੇ ਪੰਜਾਬ ਵੀ ਹਾਈ ਅਲਰਟ 'ਤੇ ਹੈ। ਇਸੇ ਅਲਰਟ ਦੇ ਚੱਲਦੇ ਹੀ ਫਰੀਦਕੋਟ ਜ਼ਿਲ੍ਹੇ ਵਿੱਚ ਵੀ ਕੋਰੋਨਾ ਵਾਇਰਸ ਦਾ ਇੱਕ ਸ਼ੱਕੀ ਮਰੀਜ਼ ਮਿਲਿਆ ਹੈ। ਕੋਟਕਪੂਰਾ ਦੇ ਮੋਗਾ ਰੋਡ ਨਿਵਾਸੀ ਵਿਅਕਤੀ ਪਿਛਲੇ ਮਹੀਨੇ 27 ਜਨਵਰੀ ਨੂੰ ਹੀ ਕੈਨੇਡਾ ਤੋਂ ਵਾਇਆ ਚੀਨ ਹੁੰਦੇ ਹੋਏ ਪੰਜਾਬ ਆਇਆ ਸੀ। ਉਹ ਹਲਕੇ ਬੁਖਾਰ ਦੀ ਸ਼ਿਕਾਇਤ ਕਰਕੇ ਹਸਪਤਾਲ ਪਹੁੰਚਿਆ। ਕੋਰੋਨਾ ਵਾਇਰਸ ਹੋਣ ਦੀ ਸ਼ੰਕਾ ਦੇ ਚੱਲਦੇ ਸਿਹਤ ਵਿਭਾਗ ਨੇ ਉਸ ਨੂੰ ਹਸਪਤਾਲ ਦਾਖਲ ਹੋਣ ਦੀ ਸਲਾਹ ਦਿੱਤੀ ਪਰ ਉਹ ਨਹੀਂ ਮੰਨਿਆ ਤੇ ਘਰ ਚਲਾ ਗਿਆ।


ਇਸ ਦੇ ਬਾਅਦ ਸਿਹਤ ਵਿਭਾਗ ਨੇ ਡਿਪਟੀ ਕਮਿਸ਼ਨਰ ਨੂੰ ਇਸ ਮਾਮਲੇ ਦੀ ਜਾਣਕਾਰੀ ਦਿੱਤੀ ਜਿਨ੍ਹਾਂ ਨੇ SSP ਫਰੀਦਕੋਟ ਨੂੰ ਲਿਖਤੀ ਆਦੇਸ਼ ਦੇ ਕੇ ਮਰੀਜ਼ ਨੂੰ ਹਸਪਤਾਲ ਦਾਖਲ ਕਰਵਾਉਣ ਦੀ ਹਦਾਇਤ ਦਿੱਤੀ। ਡੀਸੀ ਦੇ ਆਦੇਸ਼ 'ਤੇ DSP ਕੋਟਕਪੂਰਾ ਬਲਕਾਰ ਸਿੰਘ ਸੰਧੂ ਆਪਣੀ ਟੀਮ ਨਾਲ ਸ਼ੱਕੀ ਮਰੀਜ਼ ਦੇ ਘਰ ਪੁੱਜੇ ਤੇ ਰਾਤ ਦੇ ਸਮੇਂ ਹੀ ਮੈਡੀਕਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ।

ਉਧਰ ਮਰੀਜ਼ ਦੇ ਪਰਿਵਾਰ ਦਾ ਕਹਿਣਾ ਹੈ ਕਿ ਜੇਕਰ ਮਰੀਜ਼ ਸ਼ੱਕੀ ਹੈ ਤਾਂ ਉਸ ਨੂੰ ਠੀਕ ਸਹੂਲਤ ਕਿਉਂ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਨੇ ਹਸਪਤਲ ਦੇ ਪ੍ਰਬੰਧਾਂ 'ਤੇ ਵੀ ਸਵਾਲ ਚੁੱਕੇ। ਗੁਰੂ ਗੋਬਿੰਦ ਸਿੰਘ ਮੈਡੀਕਲ ਦੇ MS ਨੇ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਪੁਲਿਸ ਦੀ ਮਦਦ ਨਾਲ ਸ਼ੱਕੀ ਮਰੀਜ ਨੂੰ ਸਪੈਸ਼ਲ ਵਾਰਡ 'ਚ ਦਾਖਲ ਕਰ ਉਸ ਦਾ ਸੈਂਪਲ ਟੈਸਟ ਲਈ ਪੁਣੇ ਭੇਜਿਆ ਗਿਆ ਹੈ। ਰਿਪੋਰਟ ਆਉਣ ਤੱਕ ਮਰੀਜ਼ ਨੂੰ ਨਿਗਰਾਨੀ 'ਚ ਰੱਖੀਆ ਜਾਵੇਗਾ ਫਿਲਹਾਲ ਸ਼ੱਕੀ ਮਰੀਜ਼ ਦੀ ਹਾਲਤ ਸਥਿਰ ਹੈ।