ਸ਼ਕਤੀ ਪ੍ਰਦਰਸ਼ਨ: ਅਮਰੀਕੀ ਨੇ ਰੋਕੀ ਫੰਡਿੰਗ, ਚੀਨ ਨੇ WHO ਲਈ ਖੋਲ੍ਹਿਆ ਖਜ਼ਾਨਾ
ਏਬੀਪੀ ਸਾਂਝਾ | 23 Apr 2020 05:38 PM (IST)
ਅਮਰੀਕਾ ਨੇ ਵਿਸ਼ਵ ਸਿਹਤ ਸੰਗਠਨ (WHO) ਨੂੰ ਦਿੱਤੇ ਫੰਡਾਂ ‘ਤੇ ਪਾਬੰਦੀ ਲਾਈ ਹੈ, ਚੀਨ ਨੇ ਡਬਲਯੂਐਚਓ ਨੂੰ ਤਿੰਨ ਕਰੋੜ ਡਾਲਰ ਦੀ ਵਾਧੂ ਗ੍ਰਾਂਟ ਦੇਣ ਦਾ ਐਲਾਨ ਕੀਤਾ ਹੈ।
ਨਵੀਂ ਦਿੱਲੀ: ਅਜਿਹੇ ਸਮੇਂ ‘ਚ ਜਦੋਂ ਅਮਰੀਕਾ ਨੇ ਵਿਸ਼ਵ ਸਿਹਤ ਸੰਗਠਨ (WHO) ਨੂੰ ਦਿੱਤੇ ਫੰਡਾਂ ‘ਤੇ ਪਾਬੰਦੀ ਲਾਈ ਹੈ, ਚੀਨ ਨੇ ਡਬਲਯੂਐਚਓ ਨੂੰ ਤਿੰਨ ਕਰੋੜ ਡਾਲਰ ਦੀ ਵਾਧੂ ਗ੍ਰਾਂਟ ਦੇਣ ਦਾ ਐਲਾਨ ਕੀਤਾ ਹੈ। ਕੋਰੋਨਾਵਾਇਰਸ (COVID-19) ਵਿਰੁੱਧ ਚੱਲ ਰਹੀ ਲੜਾਈ ਦੇ ਵਿਚਕਾਰ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੇਂਗ ਸ਼ੁਆਂਗ ਨੇ ਵਾਧੂ ਡਬਲਯੂਐਚਓ ਮਦਦ ਦਾ ਐਲਾਨ ਕੀਤਾ ਹੈ। ਇਹ ਗ੍ਰਾਂਟ ਚੀਨ ਦੁਆਰਾ ਪਹਿਲਾਂ ਡਬਲਯੂਐਚਓ ਨੂੰ ਦਿੱਤੇ 2 ਕਰੋੜ ਡਾਲਰ ਦੀ ਰਕਮ ਤੋਂ ਵਧੇਰੇ ਹੋਵੇਗੀ। ਚੀਨ ਨੇ ਕੁਝ ਦਿਨ ਪਹਿਲਾਂ ਅਮਰੀਕਾ ਵਲੋਂ ਡਬਲਯੂਐਚਓ ਦੇ ਫੰਡਾਂ ‘ਤੇ ਰੋਕ ਬਾਰੇ ਗੰਭੀਰ ਚਿੰਤਾ ਜ਼ਾਹਰ ਕੀਤੀ ਸੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਲਜ਼ਾਮ ਲਾਇਆ ਕਿ ਡਬਲਯੂਐਚਓ ਦਾ ਰਵੱਈਆ ਪੱਖਪਾਤੀ ਤੇ ਚੀਨ ਦੇ ਪੱਖ ‘ਚ ਝੁਕਿਆ ਹੋਇਆ ਹੈ। ਜਦੋਂ ਫੰਡਾਂ ਨੂੰ ਅਮਰੀਕਾ ਵਲੋਂ ਰੋਕਿਆ ਗਿਆ ਸੀ, ਤਾਂ ਵਿਸ਼ਵ ਸਿਹਤ ਸੰਗਠਨ ਦੇ ਮੁਖੀ ਟ੍ਰੈਡੋਸ ਅਡਨੋਮ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਅਮਰੀਕਾ ਸਿਹਤ ਏਜੰਸੀ ਦੇ ਫੰਡਾਂ ਨੂੰ ਰੋਕਣ ਦੇ ਫੈਸਲੇ ‘ਤੇ ਮੁੜ ਵਿਚਾਰ ਕਰੇਗਾ। ਜਦਕਿ, ਅਮਰੀਕਾ ਦੇ ਰਵੱਈਏ ‘ਚ ਕੋਈ ਨਰਮਤਾ ਨਹੀਂ ਦਿਖੀ। ਅਜੇ ਕੱਲ੍ਹ ਹੀ, ਯੂਐਸ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਰਾਬਰਟ ਓਬ੍ਰਾਇਨ ਨੇ ਕਿਹਾ, "ਡਬਲਯੂਐਚਓ ਨਾਲ ਸਮੱਸਿਆ ਇਹ ਹੈ ਕਿ ਉਨ੍ਹਾਂ ਨੇ ਇਸ ਸੰਕਟ ਦੌਰਾਨ ਆਪਣੀ ਸਾਰੀ ਭਰੋਸੇਯੋਗਤਾ ਗੁਆ ਦਿੱਤੀ ਹੈ।"