ਨਵੀਂ ਦਿੱਲੀ: ਪਿਛਲੇ 24 ਘੰਟਿਆਂ ‘ਚ 1007 ਵਿਅਕਤੀ ਕੋਰੋਨਾਵਾਇਰਸ (Coronavirus) ਨਾਲ ਸੰਕਰਮਿਤ ਹੋਏ ਹਨ ਤੇ 23 ਲੋਕਾਂ ਦੀ ਮੌਤ ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ (Health Ministry) ਨੇ ਅੱਜ ਇਹ ਜਾਣਕਾਰੀ ਦਿੱਤੀ। ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਦੱਸਿਆ ਕਿ ਹੁਣ ਤੱਕ 13387 ਵਿਅਕਤੀ ਕੋਰੋਨਾਵਾਇਰਸ ਨਾਲ ਸੰਕਰਮਿਤ ਹੋਏ ਹਨ ਤੇ ਇਨ੍ਹਾਂ ਵਿੱਚੋਂ 437 ਦੀ ਮੌਤ ਹੋ ਚੁੱਕੀ ਹੈ ਤੇ 1749 ਮਰੀਜ਼ ਠੀਕ ਹੋ ਘਰ ਪਰਤੇ ਹਨ।


ਅਧਿਕਾਰੀ ਨੇ ਕਿਹਾ ਕਿ ਲੌਕਡਾਊਨ ਤੋਂ ਪਹਿਲਾਂ ਕੋਵਿਡ-19 ਦੇ ਕੇਸਾਂ ਦੀ ਦੋਹਰੀ ਦਰ ਤਿੰਨ ਦਿਨ ਸੀ, ਪਿਛਲੇ ਸੱਤ ਦਿਨਾਂ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਇਹ ਦਰ ਹੁਣ 6.2 ਦਿਨ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ 5 ਲੱਖ ਐਂਟੀਬਾਡੀ ਟੈਸਟ ਕਿੱਟਾਂ ਅਜਿਹੇ ਜ਼ਿਲ੍ਹਿਆਂ ਵਿੱਚ ਵੰਡੀਆਂ ਜਾ ਰਹੀਆਂ ਹਨ ਜਿੱਥੇ ਹੋਰ ਕੇਸ ਸਾਹਮਣੇ ਆਏ ਹਨ। ਅਸੀਂ ਐਂਟੀਬਾਡੀਜ਼ ਤੇ ਆਰਐਨਏ ਅਧਾਰਤ ਵੈਕਮੀਨ ‘ਤੇ ਕੰਮ ਕਰ ਰਹੇ ਹਾਂ।

ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਦਵਾਈ ਵਿਕਸਤ ਕਰਨ ਲਈ ਵੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਅਜੇ ਤੱਕ ਅਜਿਹੀ ਕੋਈ ਦਵਾਈ ਨਹੀਂ ਮਿਲੀ ਹੈ। ਲਵ ਅਗਰਵਾਲ ਨੇ ਕਿਹਾ, “ਦੇਸ਼ ਦੇ 1919 ਹਸਪਤਾਲਾਂ ‘ਚ ਸਿਰਫ ਕੋਵਿਡ-19 ਦੇ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ‘ਚ 1.73 ਲੱਖ ਆਈਸੋਲੇਸ਼ਨ ਬੈੱਡ ਹਨ ਤੇ 21,800 ਆਈਸੀਯੂ ਬੈੱਡ ਤਿਆਰ ਹਨ।