ਕੋਲਕਾਤਾ: ਪੱਛਮੀ ਬੰਗਾਲ ਦੇ ਬੀਜੇਪੀ ਦੇ ਪ੍ਰਧਾਨ ਦਿਲੀਪ ਘੋਸ਼ ਨੇ ਸੀਏਏ ਪ੍ਰਦਰਸ਼ਨ ਦੌਰਾਨ ਤੋੜ-ਭੰਨ੍ਹ ਕਰਨ ਵਾਲਿਆਂ ਨੂੰ ਲੈ ਕੇ ਇੱਕ ਵਿਵਾਦਤ ਬਿਆਨ ਦਿੱਤਾ ਹੈ। ਦਿਲੀਪ ਘੋਸ਼ ਨੇ ਕਿਹਾ ਹੈ ਕਿ ਜੇਕਰ ਕੋਈ ਵਿਅਕਤੀ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਏਗਾ ਤਾਂ ਉਸ ਨੂੰ ਗੋਲੀ ਮਾਰ ਦਿੱਤੀ ਜਾਵੇਗੀ। ਨਾਦੀਆ ਜ਼ਿਲ੍ਹੇ 'ਚ ਸੀਏਏ ਦੇ ਸਮਰਥਨ 'ਚ ਇੱਕ ਸਭਾ ਨੂੰ ਸੰਬੋਧਨ ਕਰਦਿਆਂ ਦਿਲੀਪ ਘੋਸ਼ ਨੇ ਕਿਹਾ ਕਿ ਮਮਤਾ ਬੈਨਰਜੀ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਖਿਲਾਫ ਕੋਈ ਕਾਰਵਾਈ ਨਹੀਂ ਕਰ ਰਹੀ।


ਘੋਸ਼ ਨੇ ਕਿਹਾ ਕਿ "ਕੀ ਇਹ ਉਨ੍ਹਾਂ ਦੇ ਪਿਓ ਦੀ ਜਾਇਦਾਦ ਹੈ? ਉਹ ਕਿਸ ਤਰ੍ਹਾਂ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾ ਸਕਦੇ ਹਨ ਜੋ ਟੈਕਸ ਦੇਣ ਵਾਲਿਆਂ ਦੇ ਪੈਸਿਆਂ ਨਾਲ ਬਣੀ ਹੈ? ਉੱਤਰ ਪ੍ਰਦੇਸ਼, ਅਸਮ ਤੇ ਕਰਨਾਟਕ ਦੀਆਂ ਸਰਕਾਰਾਂ ਨੇ ਅਜਿਹੇ ਰਾਸ਼ਟਰ ਵਿਰੋਧੀ ਤੱਤਾਂ ਨੂੰ ਗੋਲੀ ਮਾਰ ਕੇ ਬਿਲਕੁਲ ਠੀਕ ਕੀਤਾ।"

ਉਨ੍ਹਾਂ ਅੱਗੇ ਕਿਹਾ ਕਿ ਅਸਮ, ਯੂਪੀ ਤੇ ਜਿੱਥੇ ਵੀ ਉਨ੍ਹਾਂ ਦੀ ਸਰਕਾਰ ਹੈ ਅਜਿਹੇ ਲੋਕਾਂ ਨੂੰ ਕੁੱਤਿਆਂ ਵਾਂਗ ਗੋਲੀ ਮਾਰੀ ਗਈ। ਉਨ੍ਹਾਂ ਖਿਲਾਫ਼ ਕੇਸ ਦਰਜ ਕੀਤੇ ਗਏ। ਦਿਲੀਪ ਘੋਸ਼ ਨੇ ਕਿਹਾ ਕਿ "ਇੱਥੇ ਆਓਗੇ, ਖਾਓਗੇ ਤੇ ਤੋੜ-ਭੰਨ੍ਹ ਕਰੋਗੇ? ਕੀ ਇਹ ਤੁਹਾਡੀ ਜ਼ਿਮੀਂਦਾਰੀ ਹੈ?" ਮਮਤਾ ਬੈਨਰਜੀ ਨੂੰ ਨਿਸ਼ਾਨੇ 'ਤੇ ਲੈਂਦੇ ਹੋਏ ਘੋਸ਼ ਨੇ ਕਿਹਾ ਕਿ ਮਮਤਾ ਬੈਨਰਜੀ ਕੁਝ ਨਹੀਂ ਕਰਨਾ ਚਾਹੁੰਦੀ, ਸਿਰਫ ਇੱਧਰ-ਉੱਧਰ ਘੁੰਮ ਰਹੀ ਹੈ।