ਅੰਮ੍ਰਿਤਸਰ: ਡਿਪਟੀ ਕਮਿਸ਼ਨਰ ਕਮ ਜਿਲ੍ਹਾ ਮੈਜਿਸਟਰੇਟ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਦੱਸਿਆ ਹੈ ਕਿ ਜ਼ਿਲ੍ਹੇ ਅੰਮ੍ਰਿਤਸਰ (Amritsar) ‘ਚ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ (CM Captain Amarinder Singh) ਦੀਆਂ ਹਦਾਇਤਾਂ ਮੁਤਾਬਕ ਦੁਕਾਨਾਂ ਅਤੇ ਕਾਰੋਬਾਰੀ ਅਦਾਰਿਆਂ ਨੂੰ ਕਰਫਿਊ ‘ਚ ਛੋਟ ਦੇਣ ਬਾਰੇ ਫੈਸਲਾ 3 ਮਈ ਤੋਂ ਬਾਅਦ ਹੀ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ‘ਚ ਨਾਦੇੜ ਤੋਂ ਆਏ ਸ਼ਰਧਾਲੂਆਂ ਦੇ ਟੈਸਟਾਂ ਕੀਤੇ ਗਏ ਜਿਨ੍ਹਾਂ ਚੋਂ ਹੁਣ ਤੱਕ 23 ਨਵੇਂ ਮਰੀਜ਼ ਆ ਚੁੱਕੇ ਹਨ। ਇਸ ਤੋਂ ਇਲਾਵਾ ਕੱਲ੍ਹ ਵੀ ਕਈਆਂ ਦੀ ਰਿਪੋਰਟ ਆਉਣੀ ਬਾਕੀ ਹੈ।


ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪਹਿਲਾਂ ਵੀ ਕਈ ਇਲਾਕੇ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਰਹੇ ਹਨ, ਜਿਸ ਕਾਰਨ ਅੰਮ੍ਰਿਤਸਰ ‘ਚ ਸਾਵਧਾਨੀ ਦੀ ਵੱਡੀ ਲੋੜ ਹੈ। ਢਿੱਲੋਂ ਨੇ ਅੱਗੇ ਕਿਹਾ ਕਿ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਡੀਓ ਕਾਨਫਰੰਸ ਜ਼ਰੀਏ ਅੰਮ੍ਰਿਤਸਰ ਜ਼ਿਲ੍ਹੇ ਬਾਰੇ ਵਿਸਥਾਰਤ ਜਾਣਕਾਰੀ ਲਈ ਜਿਸ ‘ਚ ਉਨ੍ਹਾਂ ਨੂੰ ਮੌਜੂਦਾ ਹਲਾਤ ਤੋਂ ਜਾਣੂੰ ਕਰਵਾ ਦਿੱਤਾ ਗਿਆ ਹੈ ਤੇ ਮੁੱਖ ਮੰਤਰੀ ਪੰਜਾਬ ਨੇ ਵੀ ਸਾਰੇ ਹਲਾਤ ਦੇ ਮੱਦੇਨਜ਼ਰ ਸਾਵਧਾਨੀ ਤੋਂ ਕੰਮ ਲੈਣ ਦੀ ਹਦਾਇਤ ਦਿੱਤੀ ਹੈ।

ਇਸ ਦੇ ਨਾਲ ਡੀਸੀ ਨੇ ਕਿਹਾ ਕਿ ਮੁੱਖ ਮੰਜਰੀ ਨੇ ਜ਼ਿਲ੍ਹੇ ‘ਚ ਦਿਨ-ਰਾਤ ਕੰਮ ਕਰ ਰਹੇ ਸਿਵਲ, ਪੁਲਿਸ, ਸਿਹਤ ਅਮਲੇ ਅਤੇ ਲੋਕ ਸੇਵਾ ਕਰ ਰਹੀਆਂ ਗੈਰ ਸਰਕਾਰੀ ਜਥੇਬੰਦੀਆਂ ਅਤੇ ਸੁਸਾਇਟੀਆਂ ਵੱਲੋਂ ਕੀਤੀ ਜਾ ਰਹੀ ਸੇਵਾ ਦੀ ਵੀ ਸ਼ਲਾਘਾ ਕੀਤੀ।