ਨਵੀਂ ਦਿੱਲੀ: ਆਮ ਆਦਮੀ ਪਾਰਟੀ (ਆਪ) ਦਿੱਲੀ 'ਚ ਜਿੱਤ ਦੀ ਹੈਟ੍ਰਿਕ ਪਾਉਣ ਜਾ ਰਹੀ ਹੈ। ਵੋਟਾਂ ਦੀ ਗਿਣਤੀ ਚੱਲ ਰਹੀ ਹੈ, ਪਰ 70 ਚੋਂ 62 ਸੀਟਾਂ 'ਤੇ ਇਹ ਜਾਂ ਤਾਂ ਅੱਗੇ ਹੈ ਜਾਂ ਜਿੱਤੀ ਹੈ। ਕਈ ਸੀਟਾਂ 'ਤੇ ਨਤੀਜੇ ਐਲਾਨੇ ਗਏ ਹਨ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਪੜਪੜਗੰਜ ਸੀਟ ਤੋਂ ਜਿੱਤ ਹਾਸ਼ਲ ਕੀਤੀ ਹੈ। ਜਿੱਤ ਤੋਂ ਬਾਅਦ, ਸਿਸੋਦੀਆ ਨੇ ਕਿਹਾ ਕਿ ਪੜਪੜਗੰਜ ਦੇ ਲੋਕਾਂ ਨੇ ਨਫ਼ਰਤ ਨੂੰ ਹਰਾ ਦਿੱਤਾ ਹੈ।


ਸਿਸੋਦੀਆ ਨੇ ਕਿਹਾ, “ਮੈਂ ਫਿਰ ਤੋਂ ਪੜਪੜਗੰਜ ਤੋਂ ਵਿਧਾਇਕ ਚੁਣਿਆ ਗਿਆ ਹੈ। ਮੈਂ ਖੁਸ਼ ਹਾਂ ਬੀਜੇਪੀ ਨੇ ਨਫ਼ਰਤ ਦੀ ਰਾਜਨੀਤੀ ਕਰਨ ਦੀ ਕੋਸ਼ਿਸ਼ ਕੀਤੀ ਪਰ ਦਿੱਲੀ ਦੇ ਲੋਕਾਂ ਨੇ ਉਸ ਦੀ ਚੋਣ ਕੀਤੀ ਜੋ ਲੋਕਾਂ ਲਈ ਕੰਮ ਕਰਦੀ ਸੀ।” ਸਿਸੋਦੀਆ ਨੇ ਭਾਜਪਾ ਉਮੀਦਵਾਰ ਰਵਿੰਦਰ ਸਿੰਘ ਨੇਗੀ ਨੂੰ ਹਰਾਇਆ ਹੈ। ਵੋਟ ਫੀਸਦ ਦੀ ਗੱਲ ਕਰੀਏ ਤਾਂ ਸਿਸੋਦੀਆ ਨੂੰ ਤਕਰੀਬਨ 49% ਅਤੇ ਨੇਗੀ ਨੂੰ ਲਗਭਗ 47% ਵੋਟਾਂ ਮਿਲੀਆਂ।

ਚੋਣ ਕਮਿਸ਼ਨ ਦੇ ਅਧਿਕਾਰਤ ਅੰਕੜਿਆਂ ਅਨੁਸਾਰ ਦੁਪਹਿਰ 3 ਵਜੇ ਤੱਕ ਆਮ ਆਦਮੀ ਪਾਰਟੀ 60 ਸੀਟਾਂ ਤੋਂ ਅੱਗੇ ਸੀ ਅਤੇ ਇੱਕ ਸੀਟ ਜਿੱਤੀ। ਇਸ ਦੇ ਨਾਲ ਹੀ ਭਾਜਪਾ 9 ਸੀਟਾਂ 'ਤੇ ਅੱਗੇ ਚੱਲ ਰਹੀ ਹੈ। ਕਾਂਗਰਸ ਇਸ ਵਾਰ ਵੀ ਖਾਤਾ ਖੋਲ੍ਹਣ 'ਚ ਅਸਫਲ ਰਹੀ।


'ਆਪ’ ਨੇ 2015 ਦੀਆਂ ਵਿਧਾਨ ਸਭਾ ਚੋਣਾਂ '70 ਚੋਂ 67 ਸੀਟਾਂ ਜਿੱਤੀਆਂ ਸੀ। ਇਸ ਦੇ ਨਾਲ ਹੀ ਭਾਜਪਾ ਨੇ ਤਿੰਨ ਸੀਟਾਂ ਜਿੱਤੀਆਂ ਸੀ।