ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਚੋਣਾਂ 'ਚ ਵੋਟਿੰਗ ਹੋਣ ਤੋਂ ਬਾਅਦ ਸਾਰੇ ਉਮੀਦਵਾਰਾਂ ਦੀ ਕਿਸਮਤ ਈਵੀਐਮ 'ਚ ਕੈਦ ਹੋ ਗਈ ਹੈ। ਆਮ ਆਦਮੀ ਪਾਰਟੀ ਵੱਲੋਂ ਈਵੀਐਮ ਦੀ ਸੁਰੱਖਿਆ 'ਤੇ ਚਿੰਤਾ ਜ਼ਾਹਿਰ ਕੀਤੀ ਜਾ ਰਹੀ ਹੈ। ਸਿਕਓਰਿਟੀ ਦੇ ਹਿਸਾਬ ਨਾਲ ਈਵੀਐਮ ਨੂੰ ਸਟ੍ਰੌਂਗ ਰੂਮ 'ਚ ਰੱਖਿਆ ਗਿਆ ਹੈ। ਪੂਰੀ ਦਿੱਲੀ 'ਚ 21 ਜਗ੍ਹਾ ਸਟ੍ਰੌਂਗ ਰੂਮ ਬਣਾਏ ਗਏ ਹਨ। ਇਨ੍ਹਾਂ ਦੇ ਬਾਹਰ ਸਖ਼ਤ ਸੁਰੱਖਿਆ ਲਾਈ ਗਈ ਹੈ।


ਸੁਰੱਖਿਆ ਦੇ ਇੰਨੇ ਸਖ਼ਤ ਪ੍ਰਬੰਧ ਹਨ ਕਿ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ। ਇਸ ਦੇ ਬਾਵਜੂਦ ਆਮ ਆਦਮੀ ਪਾਰਟੀ ਨੇ ਆਪਣੇ ਵਰਕਰਾਂ ਨੂੰ ਸਟ੍ਰੌਂਗ ਰੂਮ ਦੇ ਬਾਹਰ ਪਹਿਰੇ 'ਤੇ ਬਿਠਾਇਆ ਹੈ। ਵੋਟਿੰਗ ਖ਼ਤਮ ਹੋਣ ਤੋਂ ਬਾਅਦ ਜਿਵੇਂ ਹੀ ਈਵੀਐਮ ਨੂੰ ਪੋਲਿੰਗ ਸਟੇਸ਼ਨਾਂ ਤੋਂ ਸਟ੍ਰੌਂਗ ਰੂਮ ਲਿਆਂਦਾ ਗਿਆ, ਆਮ ਆਦਮੀ ਪਾਰਟੀ ਨੇ ਆਪਣੇ ਵਰਕਰਾਂ ਨੂੰ ਇਨ੍ਹਾਂ ਸਟ੍ਰੌਂਗ ਰੂਮਸ ਦੇ ਬਾਹਰ ਬੈਠਾ ਦਿੱਤਾ।

24 ਘੰਟੇ ਆਮ ਆਦਮੀ ਪਾਰਟੀ ਦੇ ਵਰਕਰ ਇੱਥੇ ਪਹਿਰਾ ਦਿੰਦੇ ਹਨ। ਸਿਰਫ ਸਟ੍ਰੌਂਗ ਰੂਮ ਦੇ ਬਾਹਰ ਹੀ ਨਹੀਂ ਸਗੋਂ ਇੱਥੇ ਆਉਣ ਵਾਲੇ ਸਾਰੇ ਰਸਤਿਆਂ 'ਤੇ ਵੀ ਇਹ ਵਰਕਰ ਪਹਿਰਾ ਦੇ ਰਹੇ ਹਨ। ਚੋਣਾਂ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ 'ਚ ਹੋਈ ਬੈਠਕ 'ਚ ਇਹ ਫੈਸਲਾ ਲਿਆ ਸੀ, ਤਾਂ ਜੋ ਈਵੀਐਮ ਦੇ ਨਾਲ ਕੋਈ ਛੇੜਛਾੜ ਨਾ ਹੋ ਸਕੇ।