ਨਵੀਂ ਦਿੱਲੀ: 8 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਲਈ ਦਿੱਲੀ 'ਚ ਵੋਟਿੰਗ ਹੋਵੇਗੀ, ਪਰ ਇਸ ਤੋਂ ਪਹਿਲਾਂ ਹੁਣ ਸ਼ਾਹੀਨ ਬਾਗ 'ਚ ਹੋਈ ਗੋਲੀਬਾਰੀ ਨੂੰ ਲੈ ਕੇ ਹੰਗਾਮਾ ਹੋ ਰਿਹਾ ਹੈ। ਭਾਜਪਾ ਅਤੇ ਆਮ ਆਦਮੀ ਪਾਰਟੀ ਦੋਵੇਂ ਇੱਕ ਦੂਜੇ 'ਤੇ ਗੰਦੀ ਰਾਜਨੀਤੀ ਕਰਨ ਦਾ ਦੋਸ਼ ਲਗਾ ਰਹੀਆਂ ਹਨ। ਜਦੋਂ ਗੋਲੀ ਚਲਾਉਣ ਵਾਲੇ ਨੌਜਵਾਨ ਦੀ ਤਸਵੀਰ ‘ਆਪ’ ਦੇ ਨੇਤਾਵਾਂ ਨਾਲ ਸਾਹਮਣੇ ਆਈ ਤਾਂ ਭਾਜਪਾ ਨੇ ਕਿਹਾ ਹੈ ਕਿ ਕੇਜਰੀਵਾਲ ਦੀ ਪਾਰਟੀ ਹੁਣ ਬੇਨਕਾਬ ਹੋ ਗਈ ਹੈ।


ਇਸ ਦੇ ਨਾਲ ਹੀ ‘ਆਪ’ ਦੇ ਸੀਨੀਅਰ ਨੇਤਾ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਇਸ ਨੂੰ ਭਾਜਪਾ ਦੀ ਗੰਦੀ ਰਾਜਨੀਤੀ ਦੱਸਿਆ। ਇਸ ਦੇ ਨਾਲ ਹੀ ਮੁਲਜ਼ਮ ਦੇ ਪਿਤਾ ਨੇ ‘ਆਪ’ ਨਾਲ ਕਪਿਲ ਦੇ ਰਿਸ਼ਤੇ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ।

ਇੰਨਾ ਹੀ ਨਹੀਂ ਕ੍ਰਾਈਮ ਬ੍ਰਾਂਚ ਨੂੰ ਕੁਝ ਫੋਟੋਆਂ ਵੀ ਮਿਲੀਆਂ ਹਨ ਅਤੇ ਜਿਸ 'ਚ ਕਪਿਲ ਦੇ ਪਿਤਾ ਗੱਜੇ ਸਿੰਘ ਮਨੀਸ਼ ਸਿਸੋਦੀਆ ਦੇ ਨਾਲ ਨਜ਼ਰ ਆ ਰਹੇ ਹਨ। ਪੁਲਿਸ ਸੂਤਰਾਂ ਮੁਤਾਬਕ ਇਹ ਫੋਟੋ ਲਗਪਗ ਇੱਕ ਸਾਲ ਪਹਿਲਾਂ ਦੀ ਹੈ, ਜਦੋਂ ਕਪਿਲ ਬੈਸਲਾ ਅਤੇ ਉਸਦੇ ਪਿਤਾ ਨੇ 'ਆਪ' ਦੀ ਮੈਂਬਰਤਾ ਲਈ ਸੀ। ਫਿਲਹਾਲ ਕਪਿਲ ਬੈਂਸਲਾ ਕ੍ਰਾਈਮ ਬ੍ਰਾਂਚ ਐਸਆਈਟੀ ਦੀ ਹਿਰਾਸਤ 'ਚ ਹੈ।

ਇਸ ਪੁਲਿਸ ਦਾਅਵੇ 'ਤੇ ਕੇਂਦਰੀ ਮੰਤਰੀ ਅਤੇ ਭਾਜਪਾ ਦੇ ਦਿੱਲੀ ਦੇ ਚੋਣ ਇੰਚਾਰਜ ਪ੍ਰਕਾਸ਼ ਜਾਵਡੇਕਰ ਨੇ ਕਿਹਾ, "ਇਹ ਸਾਬਤ ਕਰਦਾ ਹੈ ਕਿ 'ਆਪ' ਨੌਜਵਾਨਾਂ ਨੂੰ ਭੰਬਲਭੂਸੇ 'ਚ ਪਾਉਂਦੀ ਹੈ ਅਤੇ ਉਨ੍ਹਾਂ ਨੂੰ ਗਲਤ ਰਾਹ 'ਤੇ ਧੱਕ ਰਹੀ ਹੈ।” ਉਨ੍ਹਾਂ ਕਿਹਾ, “ਆਪ ਆਗੂ ਸੰਜੇ ਸਿੰਘ ਨੇ ਕਿਹਾ ਸੀ ਕਿ ਦਿੱਲੀ ਵਿਚ ਹਿੰਸਾ ਹੋਵੇਗੀ। ਦਿੱਲੀ ਪੁਲਿਸ ਨੇ ਉਨ੍ਹਾਂ ਦੀ ਸਾਜਿਸ਼ ਦਾ ਖੁਲਾਸਾ ਕੀਤਾ ਹੈ।”

ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਕਿਹਾ, “ਅਮਿਤ ਸ਼ਾਹ ਇਸ ਸਮੇਂ ਦੇਸ਼ ਦੇ ਗ੍ਰਹਿ ਮੰਤਰੀ ਹਨ, ਹੁਣ ਚੋਣਾਂ ਤੋਂ ਪਹਿਲਾਂ ਸਾਨੂੰ ਫੋਟੋਆਂ ਅਤੇ ਸਾਜਿਸ਼ਾਂ ਦੇਖਣ ਨੂੰ ਮਿਲਣਗੀਆਂ। ਚੋਣਾਂ '3-4 ਦਿਨ ਬਾਕੀ ਹਨ, ਭਾਜਪਾ ਜਿੰਨੀ ਗੰਦੀ ਰਾਜਨੀਤੀ ਕਰੇਗੀ। ਕਿਸੇ ਨਾਲ ਤਸਵੀਰ ਹੋਣ ਦਾ ਕੀ ਮਤਲਬ ਹੈ?"

ਦੋਸ਼ੀ ਕਪਿਲ ਬੈਂਸਲਾ ਦੇ ਪਿਤਾ ਅਤੇ ਭਰਾ ਨੇ ‘ਆਪ’ ਨਾਲ ਆਪਣੇ ਸੰਬੰਧਾਂ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ ਹੈ। ਨੌਜਵਾਨ ਦੇ ਪਿਤਾ ਦਾ ਦਾਅਵਾ ਹੈ ਕਿ ਕਪਿਲ ਬੈਂਸਲਾ ਦੇ ਮੋਬਾਈਲ ਤੋਂ ਪ੍ਰਾਪਤ ਤਸਵੀਰਾਂ ਸਾਲ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਨੇ। ਉਨ੍ਹਾਂ ਕਿਹਾ ਕਿ ‘ਆਪ’ ਦੀ ਟੋਪੀ ਉਨ੍ਹਾਂ ਨੇ ਪਾਰਟੀ ਦੇ ਆਗੂ ਦੇ ਆਉਣ ਦੇ ਸਨਮਾਨ ਦੌਰਾਨ ਪਾਈ ਸੀ। ਨੌਜਵਾਨ ਦੇ ਪਿਤਾ ਦਾ ਕਹਿਣਾ ਹੈ ਕਿ ਉਹ ਸ਼ੁਰੂ ਤੋਂ ਹੀ ਬਸਪਾ ਨਾਲ ਜੁੜੇ ਹੋਏ ਸੀ ਅਤੇ ਬਸਪਾ ਤੋਂ ਵਿਧਾਨ ਸਭਾ ਚੋਣਾਂ ਵੀ ਲੜ ਚੁੱਕੇ ਨੇ।