ਨਵੀਂ ਦਿੱਲੀ: ਦਿੱਲੀ ਦੀਆਂ ਸੀਮਾਵਾਂ ਉੱਤੇ ਧਰਨੇ ਵਾਲੀਆਂ ਥਾਵਾਂ ਕੋਲ ਸੜਕਾਂ ਉੱਤੇ ਲੱਗੀਆਂ ਕਿੱਲਾਂ ਹਟਾਉਣ ਦਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਦਿੱਲੀ ਪੁਲਿਸ ਨੇ ਕਿਹਾ ਕਿ ਸੜਕਾਂ ਉੱਤੇ ਕਿੱਲਾਂ ਮੁੜ ਗੱਡੀਆਂ ਜਾਣਗੀਆਂ। ਕਿਸਾਨਾਂ ਵੱਲੋਂ 6 ਫ਼ਰਵਰੀ ਨੂੰ ਚੱਕਾ ਜਾਮ ਦਾ ਐਲਾਨ ਕਰਨ ਤੋਂ ਬਾਅਦ ਸੜਕਾਂ ਉੱਤੇ ਪੁਲਿਸ ਨੇ ਕਿੱਲਾਂ ਲਵਾਈਆਂ ਸਨ।


ਦਿੱਲੀ ਪੁਲਿਸ ਦੇ ਡੀਸੀਪੀ (ਪੂਰਬ) ਨੇ ਕਿਹਾ ਕਿ ਕਿੱਲਾਂ ਲਾਉਣ ਦੀ ਜਗ੍ਹਾ ਬਦਲੀ ਜਾ ਰਹੀ ਹੈ, ਉਨ੍ਹਾਂ ਨੂੰ ਪੱਕੇ ਤੌਰ ਉੱਤੇ ਹਟਾਇਆ ਨਹੀਂ ਗਿਆ। ਉਨ੍ਹਾਂ ਕਿਹਾ ਕਿ ਗ਼ਾਜ਼ੀਪੁਰ ਬਾਰਡਰ ਉੱਤੇ ਬੈਰੀਕੇਡਿੰਗ ਜੋ ਵਿਵਸਥਾ ਪਹਿਲਾਂ ਸੀ, ਉਹ ਜਿਉਂ ਦੀ ਤਿਉਂ ਰਹੇਗੀ।

ਟੀਕਰੀ ਬਾਰਡਰ ’ਤੇ ਵੀ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਟੀਕਰੀ ਬਾਰਡਰ ਉੱਤੇ ਕਿਸਾਨਾਂ ਨੂੰ ਰੋਕਣ ਲਈ ਕੰਕ੍ਰੀਟ ਦੀਆਂ ਜੋ ਕੰਧਾਂ ਬਣਾਈਆਂ ਗਈਆਂ ਸਨ, ਉਨ੍ਹਾਂ ਨੂੰ ਹੁਣ ਹੋਰ ਉੱਚਾ ਕੀਤਾ ਜਾ ਰਿਹਾ ਹੈ। ਮੰਚ ਤੇ ਸੁਰੱਖਿਆ ਮੁਲਾਜ਼ਮਾਂ ਵਿਚਾਲੇ ਨੈੱਟ ਲਾਇਆ ਗਿਆ ਹੈ, ਤਾਂ ਜੋ ਪਥਰਾਅ ਦੀ ਹਾਲਤ ਵਿੱਚ ਪੱਥਰਾਂ ਤੋਂ ਬਚਿਆ ਜਾ ਸਕੇ।

ਬੀਜੇਪੀ ਲੀਡਰਾਂ ਜਿਆਣੀ ਤੇ ਗਰੇਵਾਲ ਨੇ ਕੀਤੀ ਕੇਂਦਰੀ ਮੰਤਰੀਆਂ ਨਾਲ ਮੀਟਿੰਗ, ਕਿਸਾਨਾਂ 'ਤੇ ਨਿਸ਼ਾਨਾ

26 ਜਨਵਰੀ ਨੂੰ ਲਾਲ ਕਿਲੇ ਉੱਤੇ ਹੋਈ ਹਿੰਸਾ ਦੇ ਮਾਮਲੇ ਵਿੱਚ ਇੱਕ ਹੋਰ ਗ੍ਰਿਫ਼ਤਾਰੀ ਹੋਈ ਹੈ। SIT ਕ੍ਰਾਈਮ ਬ੍ਰਾਂਚ ਨੇ ਧਰਮਿੰਦਰ ਸਿੰਘ ਹਰਮਨ ਨਾਂ ਦੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਉੱਤੇ ਟ੍ਰੈਕਟਰ ਰੈਲੀ ਦੌਰਾਨ ਫ਼ੇਸਬੁੱਕ ਲਾਈਵ ਕਰ ਕੇ ਹਿੰਸਾ ਭੜਕਾਉਣ ਦਾ ਦੋਸ਼ ਹੈ। ਪੁਲਿਸ ਦਾ ਦੋਸ਼ ਹੈ ਕਿ ਧਰਮਿੰਦਰ ਸਿੰਘ ਹਰਮਨ ਕਾਰ ਦੀ ਛੱਤ ਉੱਤੇ ਬਹਿ ਕੇ ਲਾਲ ਕਿਲੇ ਅੰਦਰ ਭੀੜ ਨੂੰ ਭੜਕਾ ਰਿਹਾ ਸੀ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ