ਨਵੀਂ ਦਿੱਲੀ: ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਦੋ ਮਹੀਨਿਆਂ ਤੋਂ ਵੀ ਵੱਧ ਸਮੇਂ ਤੋਂ ਜਾਰੀ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਵਿਦੇਸ਼ੀ ਹਸਤੀਆਂ ਵੱਲੋਂ ਕੀਤੀ ਗਈ ਟਿੱਪਣੀ ਤੋਂ ਬਾਅਦ ਦੇਸ਼ ਵਿੱਚ ਇੱਕ ਨਵਾਂ ਘਮਸਾਨ ਸ਼ਰੂ ਹੋ ਗਿਆ ਹੈ। ਵਿਸ਼ਵ ਦੀਆਂ ਸ਼ਖ਼ਸੀਅਤਾਂ ਵੱਲੋਂ ਕਿਸਾਨ ਅੰਦੋਲਨ ਦਾ ਸਮਰਥਨ ਕਰਨ ਤੋਂ ਬਾਅਦ ਸਰਕਾਰ ਨੇ ਸਖ਼ਤ ਪ੍ਰਤੀਕਰਮ ਦਿੱਤਾ ਹੈ। ਬਾਲੀਵੁੱਡ ਕਲਾਕਾਰਾਂ ਤੇ ਕ੍ਰਿਕੇਟਰਾਂ ਨੇ ਸਰਕਾਰ ਦੀ ਹਮਾਇਤ ਕੀਤੀ ਹੈ।

ਹੁਣ ਕ੍ਰਿਕੇਟਰਾਂ ਵੱਲੋਂ ਹਮਾਇਤ ਕਰਨ ’ਤੇ ਕਾਂਗਰਸੀ ਆਗੂ ਸ਼ਸ਼ੀ ਥਰੂਰ ਨੇ ਕਿਹਾ ਕਿ ਕੇਂਦਰ ਸਰਕਾਰ ਦੇ ‘ਅੜੀਅਲ ਰਵੱਈਏ ਤੇ ਗ਼ੈਰ ਜਮਹੂਰੀ ਵਿਵਹਾਰ’ ਕਾਰਨ ਵਿਸ਼ਵ ਵਿੱਚ ਭਾਰਤ ਦੇ ਅਕਸ ਨੂੰ ਜੋ ਵੱਡੀ ਢਾਹ ਲੱਗੀ ਹੈ, ਉਸ ਦੀ ਭਰਪਾਈ ਨਹੀਂ ਹੋ ਸਕਦੀ। ਭਾਰਤ ਨੇ ਪੌਪ ਗਾਇਕਾ ਰਿਹਾਨਾ ਤੇ ਵਾਤਾਵਰਣ ਕਾਰਕੁਨ ਗ੍ਰੇਟਾ ਥਨਬਰਗ ਜਿਹੀਆਂ ਵਿਸ਼ਵ ਸ਼ਖ਼ਸੀਅਤਾਂ ਵੱਲੋਂ ਕਿਸਾਨ ਅੰਦੋਲਨ ਦੀ ਹਮਾਇਤ ਕੀਤੇ ਜਾਣ ’ਤੇ ਸਖ਼ਤ ਪ੍ਰਤੀਕਰਮ ਪ੍ਰਗਟਾਈ ਹੈ।

ਸ਼ਸ਼ੀ ਥਰੂਰ ਨੇ ਟਵੀਟ ਕੀਤਾ ‘ਭਾਰਤ ਸਰਕਾਰ ਲਈ ਭਾਰਤੀ ਸ਼ਖ਼ਸੀਅਤਾਂ ਦਾ ਪੱਛਮੀ ਹਸਤੀਆਂ ਉੱਤੇ ਪਲਟ ਵਾਰ ਕਰਨਾ ਸ਼ਰਮਨਾਕ ਹੈ।’


ਸਾਬਕਾ ਕ੍ਰਿਕੇਟਰ ਸਚਿਨ ਤੇਂਦੁਲਕਰ, ਅਨਿਲ ਕੁੰਬਲੇ ਤੇ ਰਵੀ ਸ਼ਾਸਤਰੀ ਨੇ ‘ਇੰਡੀਆ ਟੂਗੈਦਰ’ ਭਾਵ ‘ਭਾਰਤ ਇੱਕਜੁਟ ਹੈ’ ਤੇ ‘ਇੰਡੀਆ ਅਗੇਂਸਟ ਪ੍ਰੌਪੇਗੰਡਾ’ ਭਾਵ ‘ਭਾਰਤ ਕੂੜ ਪ੍ਰਚਾਰ ਦੇ ਵਿਰੁੱਧ ਹੈ’ ਜਿਹੇ ਹੈਸ਼ਟੈਗਜ਼ ਨਾਲ ਟਵੀਟ ਕੀਤੇ ਹਨ। ਇਸ ਤੋਂ ਬਾਦ ਸ਼ਸ਼ੀ ਥਰੂਰ ਨੇ ਇਹ ਟਿੱਪਣੀ ਕੀਤੀ ਹੈ। ਸਾਬਕਾ ਵਿਦੇਸ਼ ਰਾਜ ਮੰਤਰੀ ਸ਼ਸ਼ੀ ਥਰੂਰ ਨੇ ਕਿਹਾ ‘ਕਾਨੂੰਨ ਵਾਪਸ ਲਵੋ ਤੇ ਮਸਲੇ ਦੇ ਹੱਲ ਬਾਰੇ ਕਿਸਾਨਾਂ ਨਾਲ ਗੱਲਬਾਤ ਕਰੋ ਤੇ ਤੁਸੀਂ ‘ਇੰਡੀਆ ਟੂਗੈਦਰ’ ਪਾਓਗੇ।’


ਕਾਂਗਰਸ ਦੇ ਸੀਨੀਅਰ ਆਗੂ ਪੀ. ਚਿਦੰਬਰਮ ਨੇ ਕਿਹਾ ਕਿ ਵਿਦੇਸ਼ੀ ਸ਼ਖ਼ਸੀਅਤਾਂ ਭਾਰਤ ਸਰਕਾਰ ਨੂੰ ਜਗਾ ਸਕਦੀਆਂ ਹਨ।

ਚਿਦੰਬਰਮ ਨੇ ਸੁਆਲ ਕੀਤਾ ਕਿ ਭਾਰਤ ਸਰਕਾਰ ਮਿਆਂਮਾਰ ਤੇ ਨੇਪਾਲ ਦੇ ਅੰਦਰੂਨੀ ਮਾਮਲਿਆਂ ਉੱਤੇ ਕਿਉਂ ਟਿੱਪਣੀਆਂ ਕਰਦੀ ਹੈ। ਵਿਦੇਸ਼ੀ ਸ਼ਖ਼ਸੀਅਤਾਂ ਜੇ ਭਾਰਤ ਦੇ ਮਾਮਲਿਆਂ ਉੱਤੇ ਟਿੱਪਣੀਆਂ ਕਰ ਰਹੀਆਂ ਹਨ, ਤਾਂ ਉਸ ਵਿੱਚ ਕੋਈ ਬੁਰਾਈ ਨਹੀਂ।


ਭਾਰਤੀ ਵਿਦੇਸ਼ ਮੰਤਰਾਲੇ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਖ਼ਾਸ ਤੌਰ ਉੱਤੇ ਮਸ਼ਹੂਰ ਹਸਤੀਆਂ ਤੇ ਹੋਰਨਾਂ ਵੱਲੋਂ ਸੋਸ਼ਲ ਮੀਡੀਆ ਉੱਤੇ ਹੈਸ਼ਟੈਗ ਤੇ ਟਿੱਪਣੀਆਂ ਨੂੰ ਸਨਸਨੀਖੇਜ਼ ਬਣਾਉਣ ਦੀ ਕਿਸੇ ਵੀ ਪਾਸਿਓਂ ਨਾ ਤਾਂ ਸਹੀ ਹੁੰਦੀ ਹੈ ਤੇ ਨਾ ਹੀ ਜ਼ਿੰਮੇਵਾਰਾਨਾ।

ਇਹ ਵੀ ਪੜ੍ਹੋਸਰਕਾਰ ਦੇ ਪੱਖ 'ਚ ਟਵੀਟ ਕਰ ਫਸੇ ਅਕਸ਼ੈ, ਜੈਜ਼ੀ ਬੀ ਨੇ ਦਿੱਤਾ ਕਰਾਰਾ ਜਵਾਬ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904